IAS ਰਿੰਕੂ ਸਿੰਘ ਰਾਹੀ ਨੇ ਆਪਣਾ ਅਸਤੀਫ਼ਾ ਲਿਆ ਵਾਪਸ
ਲਖਨਊ/ਯੂਪੀ 27 ਅਪ੍ਰੈਲ 2026: ਉੱਤਰ ਪ੍ਰਦੇਸ਼ ਕੈਡਰ ਦੇ ਸਾਲ 2023 ਬੈਚ ਦੇ ਆਈ.ਏ.ਐੱਸ. ਅਧਿਕਾਰੀ ਰਿੰਕੂ ਸਿੰਘ ਰਾਹੀ, ਜੋ ਆਪਣੇ ਵੱਖਰੇ ਅੰਦਾਜ਼ ਅਤੇ ਪ੍ਰਸ਼ਾਸਨਿਕ ਵਿਵਸਥਾ 'ਤੇ ਸਵਾਲ ਚੁੱਕਣ ਲਈ ਚਰਚਾ ਵਿੱਚ ਰਹਿੰਦੇ ਹਨ, ਨੇ ਰਾਸ਼ਟਰਪਤੀ ਨੂੰ ਭੇਜਿਆ ਆਪਣਾ 'ਤਕਨੀਕੀ ਅਸਤੀਫ਼ਾ' (Technical Resignation) ਵਾਪਸ ਲੈ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਪੂਰੀ ਪ੍ਰਕਿਰਿਆ ਇੰਨੀ ਗੁਪਤ ਰੱਖੀ ਗਈ ਕਿ ਪ੍ਰਸ਼ਾਸਨਿਕ ਹਲਕਿਆਂ ਵਿੱਚ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ।
ਰਿੰਕੂ ਸਿੰਘ ਰਾਹੀ ਨੇ 26 ਮਾਰਚ ਨੂੰ ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਪ੍ਰਸ਼ਾਸਨਿਕ ਢਾਂਚੇ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ, ਉਨ੍ਹਾਂ ਨੂੰ ਕੰਮ ਕਰਨ ਦਾ ਬਣਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਸੰਵਿਧਾਨਕ ਵਿਵਸਥਾ ਦੇ ਸਮਾਨਾਂਤਰ ਇੱਕ ਵੱਖਰਾ ਹੀ 'ਸਿਸਟਮ' ਚੱਲ ਰਿਹਾ ਹੈ। ਉਨ੍ਹਾਂ ਨੇ ਸ਼ਰਤ ਰੱਖੀ ਸੀ ਕਿ ਜੇਕਰ ਕੰਮ ਨਹੀਂ ਤਾਂ ਉਹ ਤਨਖਾਹ ਵੀ ਨਹੀਂ ਲੈਣਗੇ ਅਤੇ ਉਨ੍ਹਾਂ ਨੂੰ ਵਾਪਸ ਸਮਾਜ ਭਲਾਈ ਅਧਿਕਾਰੀ ਦੇ ਅਹੁਦੇ 'ਤੇ ਭੇਜ ਦਿੱਤਾ ਜਾਵੇ।
ਸੂਤਰਾਂ ਅਨੁਸਾਰ, ਹੁਣ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਜਦੋਂ ਮੀਡੀਆ ਨੇ ਇਸ ਬਾਰੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ "ਮਾਮਲਾ ਉੱਚ ਪੱਧਰ 'ਤੇ ਹੈ, ਇਸ ਲਈ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ।" ਨਿਯੁਕਤੀ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ 'ਤੇ ਚੁੱਪੀ ਧਾਰੀ ਬੈਠੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿੱਚ ਜਦੋਂ ਉਹ ਸ਼ਾਹਜਹਾਂਪੁਰ ਦੀ ਪੁਵਾਯਾਂ ਤਹਿਸੀਲ ਵਿੱਚ ਜੁਆਇੰਟ ਮੈਜਿਸਟ੍ਰੇਟ ਵਜੋਂ ਤਾਇਨਾਤ ਸਨ, ਤਾਂ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਉਹ ਵਕੀਲਾਂ ਦੇ ਪ੍ਰਦਰਸ਼ਨ ਦੌਰਾਨ ਕੰਨ ਫੜ ਕੇ 'ਉੱਠਕ-ਬੈਠਕ' ਲਗਾਉਂਦੇ ਦਿਖਾਈ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਹੀ ਸਰਕਾਰ ਨੇ ਉਨ੍ਹਾਂ ਨੂੰ ਮਾਲ ਪ੍ਰੀਸ਼ਦ (Revenue Council) ਨਾਲ ਸਬੰਧਤ ਕਰ ਦਿੱਤਾ ਸੀ।
ਰਿੰਕੂ ਸਿੰਘ ਰਾਹੀ ਦਾ ਮਾਮਲਾ ਹੁਣ ਉੱਚ ਅਧਿਕਾਰੀਆਂ ਦੇ ਵਿਚਾਰ ਅਧੀਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਉਨ੍ਹਾਂ ਦੀ ਨਵੀਂ ਤਾਇਨਾਤੀ ਜਾਂ ਅਗਲੀ ਭੂਮਿਕਾ ਬਾਰੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
Click to Follow Babushahi Facebook page →