Crime Sprcial ਕਮਲ ਕੌਰ ਭਾਬੀ ਕਤਲ: ਗਰਮ ਖਿਆਲੀ ਸਿੱਖ ਕਾਰਕੁੰਨ ਮਹਿਰੋਂ ਦੇ ਘਰ ਤੇ ਨੋਟਿਸ ਲਾਇਆ
ਅਸ਼ੋਕ ਵਰਮਾ
ਬਠਿੰਡਾ, 23 ਦਸੰਬਰ 2025: ਅਦਾਲਤ ਨੇ ਸੋਮਵਾਰ ਨੂੰ ਸਿੱਖ ਗਰਮ ਖਿਆਲੀ ਅੰਮ੍ਰਿਤਪਾਲ ਮਹਿਰੋਂ, ਜਿਸ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲੁਕਿਆ ਮੰਨਿਆ ਜਾਂਦਾ ਹੈ ਅਤੇ ਉਸਦੇ ਸਾਥੀ ਰਣਜੀਤ ਸਿੰਘ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਆਤਮ ਸਮਰਪਣ ਕਰਨ ਅਤੇ ਕਾਨੂੰਨੀ ਪ੍ਰਕਿਰਿਆ ’ਚ ਸ਼ਾਮਲ ਹੋਣ ਲਈ 30 ਦਿਨਾਂ ਦਾ ਨੋਟਿਸ ਦਿੱਤਾ ਹੈ। ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਦੋਵਾਂ ਜਣਿਆਂ ਦੇ ਘਰਾਂ ਅੱਗੇ ਨੋਟਿਸ ਚਿਪਕਾ ਦਿੱਤੇ ਹਨ। ਜੇਕਰ ਅੰਮਿਤਪਾਲ ਮਹਿਰੋਂ ਅਤੇ ਰਣਜੀਤ ਸਿੰਘ ਹੁਣ ਵੀ ਅਦਾਲਤ ’ਚ ਪੇਸ਼ ਨਹੀਂ ਹੁੰਦੇ ਤਾਂ ਦੋਵਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ। ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਨੂੰ ਮਹਿਰੋਂ ਅਤੇ ਉਸਦੇ ਦੋ ਨਿਹੰਗ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਨੇ 9 -10 ਜੂਨ ਦੀ ਰਾਤ ਨੂੰ ਕਥਿਤ ਤੌਰ ’ਤੇ ਗਲਾ ਘੁੱਟ ਕੇ ਮਾਰ ਦਿੱਤਾ ਸੀ।
ਪੁਲਿਸ ਨੂੰ ਉਸ ਦੀ ਲਾਸ਼ 11 ਜੂਨ ਨੂੰ ਬਠਿੰਡਾ ਦੇ ਭੁੱਚੋ Çਵਿਖੇ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ਵਿੱਚ ਮਿਲੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਮਹਿਰੋਂ ਅੰਮ੍ਰਿਤਸਰ ਭੱਜ ਗਿਆ ਹੈ ਜਿੱਥੋਂ ਉਸ ਨੇ ਕਤਲ ਤੋਂ ਕੁੱਝ ਘੰਟੇ ਬਾਅਦ ਹੀ ਯੂਏਈ ਲਈ ਉਡਾਣ ਭਰੀ ਸੀ। ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂਕਿ ਰਣਜੀਤ ਮਹਿਰੋਂ ਨੂੰ ਭੱਜਣ ਵਿੱਚ ਮਦਦ ਕਰਨ ਲਈ ਲੋੜੀਂਦਾ ਹੈ। ਜਾਣਕਾਰੀ ਅਨੁਸਾਰ ਲੰਘੀ 1 ਦਸੰਬਰ ਨੂੰ ਸੁਣਵਾਈ ਦੌਰਾਨ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਕਿਰਪਾਲ ਸਿੰਘ ਸੇਖੋਂ ਨੇ ਨੋਟ ਕੀਤਾ ਸੀ ਕਿ ਮੁਲਜ਼ਮਾਂ ਵਿਰੁੱਧ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਬਿਨਾਂ ਤਾਮੀਲ ਦੇ ਵਾਪਸ ਆ ਗਏ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਹੁਕਮਾਂ ਅਨੁਸਾਰ ‘ਅਦਾਲਤ ਸੰਤੁਸ਼ਟ ਹੈ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਜਾਣ ਬੁੱਝਕੇ ਭਗੌੜੇ ਹਨ ਜਿੰਨ੍ਹਾਂ ਨੂੰ ਆਮ ਪ੍ਰਕਿਰਿਆ ਰਾਹੀਂ ਤਲਬ ਨਹੀਂ ਕੀਤਾ ਜਾ ਸਕਦਾ ਹੈ’।
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇੰਟਰਪੋਲ ਦੀ ਸਹਾਇਤਾ ਨਾਲ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਯੂਏਈ ਤੋਂ ਹਵਾਲਗੀ ਲਈ ਲਗਾਤਰ ਯਤਨ ਕਰ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਜੇਕਰ ਅਦਾਲਤ ਵੱਲੋਂ ਮਹਿਰੋਂ ਅਤੇ ਰਣਜੀਤ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਇੰਟਰਪੋਲ ਨੂੰ ਮਹਿਰੋਂ ਵਿਰੁੱਧ ਕਾਰਵਾਈ ਕਰਨੀ ਹੋਰ ਵੀ ਸੌਖੀ ਹੋ ਜਾਏਗੀ ਜੋ ਕਥਿਤ ਤੌਰ ’ਤੇ ਕਤਲ ਕਰਨ ਉਪਰੰਤ ਅੰਮ੍ਰਿਤਸਰ ਤੋਂ ਹਵਾਈ ਜਹਾਜ ਰਾਹੀਂ ਦੁਬਈ ਚਲਾ ਗਿਆ ਸੀ। ਪੁਲਿਸ ਵੱਲੋਂ ਉਦੋਂ ਦਲੀਲ ਦਿੱਤੀ ਗਈ ਸੀ ਕਿ ਮਹਿਰੋਂ ਅਤੇ ਉਸ ਦੇ ਦੋ ਨਿਹੰਗ ਸਾਥੀਆਂ ਨੇ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਸੀ। ਉਦੋਂ ਇਹ ਕਿਹਾ ਗਿਆ ਸੀ ਕਿ ਇਹ ਕਤਲ ਕੰਚਨ ਦੀਆਂ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟਾਂ ਕਾਰਨ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ ’ਤੇ ਸਿੱਖ ਭਾਈਚਾਰੇ ਨੂੰ ਨਾਰਾਜ਼ ਕਰ ਦਿੱਤਾ ਸੀ।
ਇੰਸਟਗ੍ਰਾਮ ਤੇ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੀ ਕਥਿਤ ਤੌਰ ਤੇ ਸਾਜਿਸ਼ ਰਚਣ ਵਾਲੇ ਅੰਮ੍ਰਿਤਪਾਲ ਮਹਿਰੋਂ ਨੇ ਹੱਤਿਆ ਉਪਰੰਤ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਤਰਾਜਯੋਗ ਵੀਡੀਓ ਅਤੇ ਗੰਦਗੀ ਭਰਿਆ ਤੇ ਸਮਾਜ ਨੂੰ ਕੁਰਾਹੇ ਵਾਲਾ ਮਸਾਲਾ ਪਾਉਣ ਵਾਲਿਆਂ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ, ‘ਕੰਚਨ ਕੁਮਾਰੀ ਯੂਪੀ ਜਾਂ ਬਿਹਾਰ ਤੋਂ ਆਈ ਸੀ ਇਸ ਲਈ ਉਸ ਨੂੰ ‘ਕੌਰ’ ਨਾਂਅ ਵਰਤਣ ਅਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਹੱਕ ਨਹੀਂ ਹੈ। ਉਸ ਨੇ ਕਿਹਾ ਕਿ ਉਸ ਨੂੰ ਚਾਰ ਸਾਲ ਪਹਿਲਾਂ ਵੀ ਸਮਝਾਇਆ ਸੀ ਪਰ ਨਹੀਂ ਸਮਝੀ। ਜੋ ਹੁਣ ਹੋਇਆ ਉਹ ਪਹਿਲਾਂ ਹੋਣਾ ਚਾਹੀਦਾ ਸੀ। ਉਸ ਨੂੰ ਆਪਣੇ ਪਾਪਾਂ ਦਾ ਨਤੀਜਾ ਮਿਲ ਗਿਆ ਹੈ। ਅੰਮ੍ਰਿਤਪਾਲ ਨੇ ਵੀਡੀਓ ’ਚ ਕਿਹਾ ਸੀ ਕਿ ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਪਰ ਉਸ ਵਰਗੇ ਲੋਕ ਉਨ੍ਹਾਂ ਕੁਰਬਾਨੀਆਂ ਨੂੰ ਢਾਹ ਲਾ ਰਹੇ ਹਨ।
ਸੁਰਖੀਆਂ ’ਚ ਰਹਿੰਦੀ ਸੀ ਕੰਚਨ
ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਾਲੇ ਵੀਡੀਓ ਪਾਉਣ ਕਰਕੇ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਸੀ । ਹੁਣ ਵੀ ਭਾਬੀ ਕਮਲ ਕੌਰ ਦੇ ਇੰਸਟਗਰਾਮ ਅਕਾਊਂਟ ਤੇ ਵੱਡੀ ਗਿਣਤੀ ਅਜਿਹੀਆਂ ਵੀਡੀਓ ਅਤੇ ਕੰਚਨ ਕੁਮਾਰੀ ਦੇ ਨਾਮ ਹੇਠ ਬਣੇ ਫੇਸਬੁੱਕ ਅਕਾਊਂਟ ਤੇ ਪਈਆਂ ਫੋਟੋਆਂ ਵੀ ਉਸ ਦੀ ਰੰਗੀਨ ਮਿਜਾਜੀ ਦੀ ਗਵਾਹੀ ਭਰ ਰਹੀਆਂ ਹਨ। ਆਪਣੀਆਂ ਵੀਡੀਓ ਕਾਰਨ ਖੁਦ ਨੂੰ ਸਟਾਰ ਸਮਝਣ ਵਾਲੀ ਕੋਮਲ ਕੌਰ ਦੀ ਲਾਸ਼ ਨੂੰ ਪ੍ਰੀਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦਾ ਅੰਤਿਮ ਸਰਕਾਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵੱਲੋਂ ਕੀਤਾ ਗਿਆ ਸੀ।
ਨੋਟਿਸ ਚਿਪਕਾਏ:ਐਸਐਚਓ
ਸੋਮਵਾਰ ਦੀ ਸੁਣਵਾਈ ਤੋਂ ਬਾਅਦ, ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਦਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮਹਿਰੋਂ ਅਤੇ ਰਣਜੀਤ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਐਸਐਚਓ ਨੇ ਅੱਗੇ ਕਿਹਾ ਕਿ ‘ਅਦਾਲਤ ਵੱਲੋਂ ਨਿਰਧਾਰਤ 30 ਦਿਨਾਂ ਦੀ ਡੈੱਡਲਾਈਨ ਅੱਜ (ਸੋਮਵਾਰ) ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਦੋਵੇਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਤਮ ਸਮਰਪਣ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਅਦਾਲਤ ਉਨ੍ਹਾਂ ਨੂੰ ਭਗੌੜੇ ਕਰਾਰ ਦੇ ਸਕਦੀ ਹੈ।