Breaking: ਗੁਰਦਾਸਪੁਰ 'ਚ ਅਗਲੇ ਹੁਕਮਾਂ ਤੱਕ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਬਲੈਕ ਆਊਟ
ਇਹ ਬਲੈਕ ਆਊਟ ਸਿਰਫ਼ ਸੁਰੱਖਿਆ ਤਿਆਰੀਆਂ ਨੂੰ ਮੁੱਖ ਰੱਖਦੇ ਕੀਤਾ ਗਿਆ ਹੈ, ਇਸ ਦੌਰਾਨ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ - ਡਿਪਟੀ ਕਮਿਸ਼ਨਰ
ਰੋਹਿਤ ਗੁਪਤਾ
ਗੁਰਦਾਸਪੁਰ, 8 ਮਈ - ਹਿੰਦ-ਪਾਕਿ ਸਰਹੱਦ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਿਵਲ ਡਿਫੈਂਸ ਐਕਟ 1968 ਅਧੀਨ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਮਿਤੀ 08 ਮਈ 2025 ਤੋਂ ਲਗਾਤਾਰ ਅਗਲੇ ਹੁਕਮਾਂ ਤੱਕ ਰਾਤ 9.00 ਵਜੇ ਤੋਂ ਅਗਲੇ ਦਿਨ ਸਵੇਰੇ 5.00 ਵਜੇ ਤੱਕ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੂਰਨ ਤੌਰ 'ਤੇ 'ਬਲੈਕ ਆਊਟ' ਦੇ ਹੁਕਮ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਲੈਕ ਆਊਟ ਅੱਜ 8 ਮਈ 2025 ਦੀ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰੇ 5.00 ਵਜੇ ਤੱਕ ਜਾਰੀ ਰਹੇਗਾ ਅਤੇ ਅਗਲੇ ਹੁਕਮਾਂ ਤੱਕ ਇਹ ਰੋਜ਼ਾਨਾਂ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ 'ਬਲੈਕ ਆਊਟ' ਦਾ ਇਹ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਵਿੱਚ ਲਾਗੂ ਨਹੀਂ ਹੋਵੇਗਾ।
ਪਰ ਇਹ ਵਿਭਾਗ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜ਼ਾਨਾਂ ਰਾਤ 9.00 ਵਜੇ ਤੋਂ ਅਗਲੇ ਦਿਨ ਸਵੇਰੇ 5.00 ਤੱਕ ਬੰਦ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਰੌਸ਼ਨੀ ਦੀ ਕੋਈ ਕਿਰਨ ਬਾਹਰ ਨਾ ਆ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਲੈਕ ਆਊਟ ਦੌਰਾਨ ਆਪਣੇ ਘਰਾਂ/ਕਾਰੋਬਾਰੀ ਥਾਵਾਂ ਦੀਆਂ ਲਾਈਟਾਂ ਬੰਦ ਕਰਕੇ ਸੁਰੱਖਿਆ ਅਭਿਆਸ ਵਿੱਚ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਲੈਕ ਆਊਟ ਸੁਰੱਖਿਆ ਤਿਆਰੀਆਂ ਨੂੰ ਮੁੱਖ ਰੱਖਦੇ ਕੀਤਾ ਗਿਆ ਹੈ, ਇਸ ਦੌਰਾਨ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।