Big Breaking: ਅਕਾਲੀ ਦਲ ਦੇ ਆਈ.ਟੀ ਸੈੱਲ ਦੇ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਤਰਨ ਤਾਰਨ 15 ਅਕਟੂਬਰ 2025: ਤਰਨਤਾਰਨ ਚੋਣ ਨਤੀਜੇ ਤੋਂ ਇੱਕ ਦਿਨ ਬਾਅਦ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਵਿਰੁੱਧ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਦਰਅਸਲ, ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਗਿੱਲ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਨਛੱਤਰ ਗਿੱਲ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ, ਬਿਨ੍ਹਾਂ ਕਾਰਨ ਦੱਸੇ ਪੁਲਿਸ ਵਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਇੱਕ ਕੈਫ਼ੇ 'ਚ ਬੈਠੇ ਨੱਛਤਰ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਕੈਫ਼ੇ ਦਾ ਡੀਵੀਆਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਅਰਸ਼ਦੀਪ ਕਲੇਰ ਨੇ ਦੋਸ਼ ਲਾਇਆ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਵੀ ਅਨੇਕਾਂ ਵਾਰ ਪੁਲਿਸ ਵਲੋਂ ਨੱਛਤਰ ਗਿੱਲ ਨੂੰ ਧਮਕਾਇਆ ਗਿਆ ਸੀ।
ਨਛੱਤਰ ਗਿੱਲ ਦੀ ਗ੍ਰਿਫ਼ਤਾਰੀ ਸਿਆਸੀ ਬੁਖਲਾਹਟ ਅਤੇ ਸਭ ਤੋਂ ਘਟੀਆ ਹਰਕਤ- ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਨੂੰ ਸਰਕਾਰ ਦੀ ਸਿਆਸੀ ਬੁਖਲਾਹਟ ਅਤੇ ਸਭ ਤੋਂ ਘਟੀਆ ਹਰਕਤ ਕਰਾਰ ਦਿੱਤਾ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਨਛੱਤਰ ਗਿੱਲ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਨ੍ਹਾਂ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਐਸ.ਐਸ.ਪੀ. ਦਫ਼ਤਰ ਅੱਗੇ ਪੁਲਿਸ ਪ੍ਰਸ਼ਾਸਨ ਦੀ ਸ਼ਰੇਆਮ ਧੱਕੇਸ਼ਾਹੀ ਅਤੇ ਪੱਖਪਾਤ ਨੂੰ ਦਲੇਰੀ ਨਾਲ ਸੋਸ਼ਲ ਮੀਡੀਆ 'ਤੇ ਬੇਨਕਾਬ ਕੀਤਾ ਸੀ। ਸਰਕਾਰ ਸੱਚ ਦੀ ਇਸ ਆਵਾਜ਼ ਤੋਂ ਬੁਰੀ ਤਰ੍ਹਾਂ ਡਰ ਗਈ ਹੈ ਅਤੇ ਹੁਣ ਗ੍ਰਹਿ ਵਿਭਾਗ ਦੀ ਦੁਰਵਰਤੋਂ ਕਰਕੇ ਬਦਲਾਖੋਰੀ 'ਤੇ ਉਤਰ ਆਈ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ 'ਸਰਕਾਰੀ ਗੁੰਡਾਗਰਦੀ' ਅਤੇ ਲੋਕਤੰਤਰ ਦੇ ਘਾਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜੇਕਰ ਨਛੱਤਰ ਸਿੰਘ ਗਿੱਲ ਨੂੰ ਤੁਰੰਤ ਬਿੰਨਾਂ ਸ਼ਰਤ ਰਿਹਾਅ ਨਾ ਕੀਤਾ ਗਿਆ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਨਾ ਹੋਈ, ਤਾਂ ਸਰਕਾਰ ਇਸ ਸਰਕਾਰੀ ਜ਼ਬਰ ਖਿਲਾਫ਼ ਇੱਕ ਤਿੱਖੇ ਅਤੇ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।