Babushahi Special- ਸੁਖਬੀਰ ਦੀ ਬੰਬਾਂ ਨਾਲ ਨਾ ਟੁੱਟਣ ਵਾਲੀ ਸੜਕ ’ਤੇ ਮੀਂਹ ਦੇ ਪਾਣੀ ਨੇ ਲੋਕਾਂ ਦੀ ਬੰਬ ਬੁਲਾਈ
ਅਸ਼ੋਕ ਵਰਮਾ
ਬਠਿੰਡਾ , 5 ਅਗਸਤ 2026 : ਬਠਿੰਡਾ ਪੱਟੀ ’ਚ ਬਾਰਸ਼ ਪੈਣ ਤੋਂ ਕਾਫੀ ਸਮਾਂ ਬਾਅਦ ਵੀ ਬਠਿੰਡਾ ਚੰਡੀਗੜ੍ਹ ਕੌਮੀ ਸੜਕ ਮਾਰਗ ’ਤੇ ਪਾਣੀ ਦੀ ਨਿਕਾਸੀ ਜੀਅ ਦਾ ਜੰਜਾਲ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਕੁੱਝ ਸਮੇਂ ਦੀ ਬਾਰਸ਼ ਉਪਰੰਤ ਮੰਗਲਵਾਰ ਨੂੰ ਆਦੇਸ਼ ਹਸਪਤਾਲ , ਸੰਤ ਕਬੀਰ ਸਕੂਲ , ਡੀਜ਼ੀਟਲ ਪ੍ਰੀਖਿਆ ਕੇਂਦਰ ਅਤੇ ਮਾਰਬਲ ਮਾਰਕੀਟ ਦੇ ਨਜ਼ਦੀਕ ਪੂਰੇ ਨੈਸ਼ਨਲ ਹਾਈਵੇ ’ਤੇ 1 ਤੋਂ 2 ਫੁੱਟ ਤੱਕ ਪਾਣੀ ਭਰਿਆ ਰਿਹਾ। ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਿਛਲੇ ਕਰੀਬ 7 ਸਾਲਾਂ ਤੋਂ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਹ ਸੜਕ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ। ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਜੈਕਟ ਸੀ ਜਿਸ ਬਾਰੇ ਉਹ ਸਟੇਜਾਂ ਤੋਂ ਅਕਸਰ ਪ੍ਰਚਾਰਿਆ ਕਰਦੇ ਸਨ ਕਿ ਕੰਕਰੀਟ ਦੀ ਇਹ ਸੜਕ ਐਨੀ ਮਜਬੂਤ ਹੋਵੇਗੀ ਕਿ ਬੰਬਾਂ ਦੀ ਮਾਰ ਨਾਲ ਵੀ ਨਹੀਂ ਟੁੱਟੇਗੀ।
ਹਾਲਾਂਕਿ ਟੁੱਟ ਭੱਜ ਦੇ ਮਾਮਲੇ ’ਚ ਤਾਂ ਕੰਕਰੀਟ ਵਾਲਾ ਭਾਗ ਸੁਰੱਖਿਅਤ ਹੈ ਪਰ ਬਾਰਸ਼ਾਂ ਦੌਰਾਨ ਇਹ ਸੜਕ ਮੁਸੀਬਤਾਂ ਦਾ ਭੰਡਾਰ ਲੈਕੇ ਆਉਂਦੀ ਹੈ। ਅਜਿਹੇ ਹਾਲਾਤਾਂ ਦਰਮਿਆਨ ਇਸ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ ਆਦਿ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੜਕ’ਤੇ ਜਾਮ ਵਰਗੀ ਸਥਿਤੀ ਬਣਦੀ ਰਹਿੰਦੀ ਹੈ । ਮੰਗਲਵਾਰ ਨੂੰ ਲਾਪਰਵਾਹੀ ਇਹ ਰਹੀ ਕਿ ਸ਼ਾਮ ਤੱਕ ਨਾਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਾਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਕਿਸੇ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ । ਲੋਕਾਂ ਆਖਦੇ ਹਨ ਕਿ ਇਸ ਹਾਈਵੇਅ ’ਤੇ ਹਰ ਸਾਲ ਇਹੋ ਹਾਲਾਤ ਹੀ ਬਣਦੇ ਹਨ। ਇਸ ਸੜਕ ’ਤੇ ਪ੍ਰਮੁੱਖ ਸਿੱਖਿਆ ਸੰਸਥਾਵਾਂ , ਹਸਪਤਾਲਾਂ, ਸਨਅਤੀ ਇਕਾਈਆਂ ਅਤੇ ਕਾਰੋਬਾਰੀ ਅਦਾਰਿਆਂ ਤੱਕ ਜਾਣ ਲਈ ਇਹ ਮੁੱਖ ਰਸਤਾ ਹੈ। ਇਹੋ ਹੀ ਨਹੀਂ ਰੋਜਾਨਾਂ ਹਜ਼ਾਰਾਂ ਵਿਦਿਆਰਥੀ , ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ , ਮੁਲਾਜਮ ਅਤੇ ਹੋਰ ਰਾਹਗੀਰ ਇਸ ਸੜਕ ਰਾਹੀਂ ਹੀ ਲੰਘਦੇ ਹਨ।
ਰਾਹਗੀਰਾਂ ਅਤੇ ਇਸ ਤਰਫ ਆਪੋ ਆਪਣੇ ਕੰਮ ਧੰਦਿਆਂ ਲਈ ਆਉਣ ਵਾਲਿਆਂ ਦਾ ਪ੍ਰਤੀਕਰਮ ਹੈ ਕਿ ਸਰਕਾਰ ਨੇ ਐਨੀ ਵੱਡੀ ਸੜਕ ਦੀ ਉਸਾਰੀ ਤਾਂ ਕਰ ਦਿੱਤੀ ਪਰ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਇੰਤਜਾਮ ਨਹੀਂ ਕੀਤੇ ਜੋ ਸਮੱਸਿਆ ਦੀ ਜੜ੍ਹ ਹੈ। ਨਤੀਜੇ ਵਜੋਂ ਮੰਗਲਵਾਰ ਨੂੰ 24 ਘੰਟੇ ਲਗਾਤਾਰ ਪਾਣੀ ਆਪਣਾ ਜਲਵਾ ਦਿਖਾਉਂਦਾ ਰਿਹਾ। ਦੇਖਣ ’ਚ ਆਇਆ ਕਿ ਦੁਪਹੀਆ ਸਕੂਟਰਾਂ ਤੇ ਹੋਰ ਗੱਡੀਆਂ ਤਾਂ ਲੱਗਭਗ ਠੱਪ ਵਾਂਗ ਹੋ ਗਈਆਂ ਜਦੋਂਕਿ ਵੱਡੇ ਟਰੱਕ ਬੱਸਾਂ ਅਤੇ ਕੈਂਟਰ ਆਦਿ ਦੀ ਰਫਤਾਰ ਮੱਠੀ ਰਹੀ ਅਤੇ ਕਈ ਕਾਰਾਂ ਆਦਿ ਤਾਂ ਬੰਦ ਵੀ ਹੁੰਦੀਆਂ ਰਹੀਆਂ। ਆਦੇਸ਼ ਹਸਪਤਾਲ ’ਚ ਮਲੋਟ ਤੋਂ ਆਪਣੇ ਰਿਸ਼ਤੇਦਾਰ ਦੀ ਖੈਰੀਅਤ ਜਾਨਣ ਲਈ ਆਏ ਜਸਵਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਇਸ ਕੌਮੀ ਮਾਰਗ ’ਤੇ ਐਨਐਚਏਆਈ ਰੋਜਾਨਾਂ ਟੋਲ ਟੈਕਸ ਦੀਆਂ ਭਾਰੀ ਭਰਕਮ ਦਰਾਂ ਰਾਹੀਂ ਆਮ ਆਦਮੀ ਦੀਆਂ ਜੇਬ੍ਹਾਂ ਕੱਟਦੀ ਹੈ ਇਸ ਲਈ ਪਾਣੀ ਦੇ ਨਿਕਾਸ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਜਗ੍ਹਾ ’ਤੇ ਢਾਬੇ ਆਦਿ ਸਮੇਤ ਕਈ ਹੋਰ ਕਈ ਪ੍ਰਕਾਰ ਦੇ ਕੰਮ ਧੰਦੇ ਕਰਨ ਵਾਲੇ ਲੋਕਾਂ ਨੇ ਨਰਾਜ਼ਗੀ ਜਾਹਰ ਕਰਦਿਆਂ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਬਾਰਸ਼ ਦੇ ਹਰ ਸੀਜ਼ਨ ਦੌਰਾਨ ਇਹੋ ਸਥਿਤੀ ਬਣਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਸੜਕ ਮਾਰਗ ’ਤੇ ਸੜਕ ਦੀ ਉਸਾਰੀ ਦੌਰਾਨ ਪਾਣੀ ਦਾ ਨਿਕਾਸ ਕਰਨ ਲਈ ਬਣਾਇਆ ਗਿਆ ਡਰੇਨੇਜ਼ ਸਿਸਟਮ ਪਿਛਲੇ 7 ਸਾਲ ਤੋਂ ਠੱਪ ਪਿਆ ਹੈ ਪਰ ਸਬੰਧਿਤ ਵਿਭਾਗ ਵੱਲੋਂ ਅੱਜ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਬਾਰਸ਼ਾਂ ਕੱਚੇ ਪਿੱਲੇ ਪ੍ਰਬੰਧ ਕੀਤੇ ਜਾਂਦੇ ਹਨ ਜਿੰਨ੍ਹਾਂ ਸਦਕਾ ਬਾਰਸ਼ ਦਾ ਪਾਣੀ ਕੱਢਣ ਲਈ ਕਈ ਕਈ ਦਿਨਾਂ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਾਂ ਕੇਵਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਉਨ੍ਹਾਂ ਦੇ ਕੰਮ ਧੰਦਿਆਂ ਨੂੰ ਵੀ ਵੱਡੀ ਆਰਥਿਕ ਮਾਰ ਪੈਂਦੀ ਹੈ।
ਬਿਨਾਂ ਯੋਜਨਾ ਪ੍ਰਜੈਕਟ ਪੁਆੜਾ
ਜਮਹੂਰੀ ਅਧਿਕਾਰ ਸਭਾ ਦੇ ਪ੍ਰਚਾਰ ਸਕੱਤਰ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਅਤੇ ਸਰਕਾਰੀ ਅਦਾਰਿਆਂ ਵੱਲੋਂ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਉਸਾਰੇ ਗਏ ਪ੍ਰਜੈਕਟ ਅਕਸਰ ਹੀ ਆਮ ਲੋਕਾਂ ਲਈ ਤਕਲੀਫਦੇਹ ਸਾਬਤ ਹੋਏ ਹਨ। ਉਨ੍ਹਾਂ ਆਖਿਆ ਕਿ ਇੰਨ੍ਹਾਂ ਕੌਮੀ ਸੜਕ ਮਾਰਗਾਂ ’ਤੇ ਆਮ ਲੋਕਾਂ ਵੱਲੋਂ ਦਿੱਤੇ ਟੈਕਸਾਂ ਦਾ ਕਰੋੜਾਂ ਰੁਪਿਆ ਲੱਗਿਆ ਹੈ ਅਤੇ ਐਨਐਚਏਆਈ ਹੁਣ ਵੀ ਰੋਜਾਨਾ ਟੋਲ ਟੈਕਸ ਵਸੂਲ ਰਹੀ ਹੈ ਪਰ ਸਹੂਲਤਾਂ ਦੇ ਨਾਮ ਹੇਠ ਠਨ ਠਨ ਗੋਪਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਰੋਕਾਰਾਂ ਨਾਲ ਜੁੜੇ ਮਾਮਲਿਆਂ ’ਚ ਪੰਜਾਬ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਦਰਪੇਸ਼ ਸੰਕਟ ਦਾ ਹੱਲ ਕੱਢਿਆ ਜਾ ਸਕੇ।
ਅਫਸਰ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਬਠਿੰਡਾ ਸਥਿਤ ਪ੍ਰੋਜੈਕਟ ਡਾਇਰੈਕਟਰ ਨੇ ਫੋਨ ਨਹੀਂ ਚੁੱਕਿਆ।
- Download Babushahi App
-
-