Babushahi Special -ਮਾਇਆ ਨਾਗਣੀ ਇਕੱਠੀ ਕਰਨ ਲਈ ਲਿਆ ਵਖਤਾਂ ਦੇ ਮਾਰਿਆਂ ’ਤੇ ਜੁਲਮ ਦਾ ਸਹਾਰਾ
ਅਸ਼ੋਕ ਵਰਮਾ
ਬਠਿੰਡਾ , 11 ਸਤੰਬਰ 2026 : ਪੁਲਿਸ ਦੀ ਸੁਰੱਖਿਆ ਲੈਣ ਲਈ ਆਪਣੇ ਹੀ ਘਰ ’ਤੇ ਫਰਜ਼ੀ ਪੈਟਰੋਲ ਬੰਬ ਹਮਲਾ ਕਰਵਾਉਣ ਦੇ ਮਾਮਲੇ ’ਚ ਗ੍ਰਿਫਤਾਰ ‘ਇੱਕ ਕੋਸ਼ਿਸ਼ ਫਾਊਂਡੇਸ਼ਨ’ ਦੇ ਪ੍ਰਧਾਨ ਹਰਜੀਤ ਸਿੰਘ ਉਰਫ ਭਾਊ ਦੀ ਕਥਿਤ ਹੈਵਾਨੀਅਤ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਖੁਲਾਸਾ ਹੋਇਆ ਹੈ। ਦੈਨਿਕ ਭਾਸਕਰ ’ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਬੇਸਹਾਰਾ ਤੇ ਮਾਨਸਿਕ ਰੋਗੀਆਂ ਦੀ ਮੁਫਤ ਦੇਖਭਾਲ ਦੇ ਨਾਮ ਹੇਠ ਚਲਾਏ ਜਾ ਰਹੇ ਇਸ ਸੰਸਥਾ ਦੇ ਸੈਂਟਰ ਅੰਦਰਲੀ ਖੌਫਨਾਕ ਸਚਾਈ ਬਿਆਨਣ ਵਾਲੀ ਸੀਸੀਟੀਵੀ ਫੁਟੇਜ ਅਤੇ ਵੀਡੀਓ ਸਾਹਮਣੇ ਆਏ ਹਨ। ਇੰਨ੍ਹਾਂ ਵੀਡੀਓ ਮੁਤਾਬਕ ਇਸ ਸੈਂਟਰ ’ਚ ਮਾਨਸਿਕ ਤੌਰ ’ਤੇ ਬਿਮਾਰਾਂ ’ਤੇ ਵਹਿਸ਼ੀਆਨਾ ਤਸ਼ੱਦਦ ਕੀਤਾ ਜਾਂਦਾ ਸੀ ਜਿਸ ’ਚ ਵਖਤਾਂ ਦੇ ਮਾਰਿਆਂ ਨੂੰ ਰੁਆਉਣਾ ਅਤੇ ਬਜ਼ੁਰਗਾਂ ਨੂੰ ਡੰਡਿਆਂ ਨਾਲ ਕੁੱਟਣਾ ਤੱਕ ਸ਼ਾਮਲ ਹੈ। ਮਗਰੋਂ ਉਨ੍ਹਾਂ ਨੂੰ ਦਵਾਈਆਂ ਦੇਣ ਵਾਲੀਆਂ ਵੀਡੀਓ ਬਣਾਕੇ ਪੰਜਾਬ ਅਤੇ ਹੋਰਨਾਂ ਦੇਸ਼ਾਂ ’ਚ ਵਾਇਰਲ ਕੀਤੀਆਂ ਜਾਂਦੀਆਂ ਤਾਂ ਜੋ ਬਾਹਰੋਂ ਫੰਡ ਪ੍ਰਾਪਤ ਕੀਤੇ ਜਾ ਸਕਣ।
ਦੇਖਣ ’ਚ ਆਇਆ ਕਿ ਪੈਟਰੋਲ ਬੰਬ ਮਾਮਲੇ ’ਚ ਸੰਚਾਲਕ ਹਰਜੀਤ ਸਿੰਘ ਉਰਫ ਭਾਊ ਦੀ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ’ਚ ਸਥਿਤ ਕੋਸ਼ਿਸ਼ ਫਾਊਂਡੇਸ਼ਨ ਦੇ ਸੈਂਟਰ ਨੂੰ ਜਿੰਦਰਾ ਲੱਗਿਆ ਹੋਇਆ ਸੀ। ਇਸ ਮਾਮਲੇ ਦੀ ਪੜਤਾਲ ਦੌਰਾਨ ਕਈ ਦੰਗ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਫਾਊਂਡੇਸ਼ਨ ਦਾ ਪ੍ਰਧਾਨ ਹਰਜੀਤ ਸਿੰਘ ਭਾਊ ਬੇਸਹਾਰਾ ਲੋਕਾਂ ਨੂੰ ਸੜਕਾਂ ਤੋਂ ਚੁੱਕਕੇ ਲਿਆਉਣ ਮਗਰੋਂ ਕਟਿੰਗ ਸ਼ੇਵ ਤੇ ਉਨ੍ਹਾਂ ਦਾ ਇਲਾਜ ਕਰਵਾਉਂਦਾ ਅਤੇ ਖਾਣਾ ਵਗੈਰਾ ਖਾਂਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਆਪਣੇ ਨਿੱਜੀ ਨੰਬਰ ਜਾਰੀ ਕਰ ਦਿੰਦਾ ਸੀ। ਉਸ ਮਗਰੋਂ ਦੇਸ਼ ਵਿਦੇਸ਼ ਤੋਂ ਸਿੱਧਿਆਂ ਪੈਸੇ ਮੰਗਵਾਏ ਜਾਂਦੇ ਸਨ। ਅਜਿਹੀ ਹੀ ਵੀਡੀਓ ਦੇਖਣ ਤੋਂ ਬਾਅਦ ਇੱਕ ਔਰਤ ਨੇ ਹਰਜੀਤ ਸਿੰਘ ਦੇ ਨਿੱਜੀ ਨੰਬਰ ’ਤੇ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ ਸਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸੁਸਾਇਟੀ ਦਾ ਕੋਈ ਅਧਿਕਾਰਕ ਬੈਂਕ ਖਾਤਾ ਨਹੀਂ ਹੈ।
ਸੰਸਥਾ ਦੀ ਇੱਕ ਸੀਸੀਟੀਵੀ ਫੁਟੇਜ ਅਤੇ ਵੀਡੀਓ ਦਿਲ ਦਹਿਲਾਉਣ ਵਾਲੀ ਹੈ। ਇੱਕ ਵੀਡੀਓ ’ਚ ਇੱਕ ਵਿਅਕਤੀ ਨੇ ਮਾਨਸਿਕ ਰੋਗੀ ਨੌਜਵਾਨ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ ਅਤੇ ਕੈਮਰਾਮੈਨ ਉਸ ਦੀ ਵੀਡੀਓ ਬਣਾ ਰਿਹਾ ਹੈ। ਕੈਮਰੇ ’ਚ ਹੱਥ ਨਾ ਦਿਖੇ ਇਸ ਲਈ ਉਹ ਵਿਅਕਤੀ ਮਰੀਜ਼ ਦੇ ਢਿੱਡ ਕੋਲ ਜੋਰ ਦੀ ‘ਚੂੰਢੀ’ ਵੱਢਦਾ ਹੈ ਤਾਂ ਮਰੀਜ ਜੋਰ ਨਾਲ ਚੀਕਣ ਲੱਗ ਜਾਂਦਾ ਹੈ। ਫਿਰ ਅਜਿਹੀ ਵੀਡੀਓ ਦੀ ਕਾਂਟ ਛਾਂਟ ਕਰਕੇ ਸੋਸ਼ਲ ਮੀਡੀਆ ’ਤੇ ਇਹ ਕਹਿਕੇ ਪੋਸਟ ਕੀਤੀ ਜਾਂਦੀ ਹੈ ਕਿ ਜਦੋਂ ਮਰੀਜ ਸੁਸਾਇਟੀ ਕੋਲ ਆਇਆ ਸੀ ਤਾਂ ਉਹ ਬੁਰੀ ਤਰਾਂ ਰੋ ਰਿਹਾ ਸੀ ਪਰ ਇਲਾਜ ਕਰਵਾਉਣ ਤੋਂ ਬਾਅਦ ਹੁਣ ਉਹ ਪੂਰੀ ਤਰਾਂ ਠੀਕ ਹੈ। ਇਸੇ ਝੂਠੇ ਇਲਾਜ ਦੇ ਢੌਂਗ ਰਾਹੀਂ ਉਹ ਆਪਣਾ ਨਿੱਜੀ ਨੰਬਰ ਜਾਰੀ ਕਰਕੇ ਪੈਸੇ ਇਕੱਠਾ ਕਰਦਾ ਸੀ। ਅਜਿਹੀ ਹੀ ਇੱਕ ਵੀਡੀਓ ’ਚ ਹਰਜੀਤ ਸਿੰਘ ਦਾ ਕੋਈ ਸਾਥੀ ਇੱਕ ਬਜ਼ੁਰਗ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦਿੰਦਾ ਹੈ।
ਇੱਕ ਹੋਰ ਵੀਡੀਓ ’ਚ ਬਜ਼ੁਰਗ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਜੇਕਰ ਬਾਹਰ ਕੋਈ ਪੁੱਛੇ ਤਾਂ ਕਹਿਣਾ ਕਿ ਮੈਂ ਜਿਆਦਾ ਬੋਲਦਾ ਸੀ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੁਸਾਇਟੀ ਬਿਨਾਂ ਕਿਸੇ ਡਾਕਟਰੀ ਜਾਂ ਮੈਡੀਕਲ ਜਾਂਚ , ਸੜਕਾਂ ਤੋਂ ਬੇਸਹਾਰਾ ਅਤੇ ਮਾਨਸਿਕ ਰੂਪ ’ਚ ਬਿਮਾਰਾਂ ਨੂੰ ਚੁੱਕ ਲਿਆਉਂਦੀ ਸੀ। ਉਨ੍ਹਾਂ ਦੀ ਵੀਡੀਓ ਬਣਾਉਂਦੇ ਅਤੇ ਕੁੱਝ ਦਿਨ ਬਾਅਦ ਵਾਪਿਸ ਉੱਥੇ ਹੀ ਛੱਡ ਦਿੱਤਾ ਜਾਂਦਾ ਸੀ। ਕਿਸੇ ਵਿਵਾਦ ਜਾਂ ਫੜੇ ਜਾਣ ਤੋਂ ਬਚਣ ਲਈ ਇਹ ਲੋਕ ਜਿਆਦਾਤਰ ਮਰੀਜ ਬਠਿੰਡਾ ਦੀ ਥਾਂ ਬਾਹਰੋਂ ਲਿਆਉਂਦੇ ਸਨ। ਇੱਕ ਹੋਰ ਵੀਡੀਓ ’ਚ ਮਾਨਸਿਕ ਬਿਮਾਰ ਨੂੰ ਸੰਗਲੀ ਲਾਈ ਜਾਂਦੀ ਦਿਸ ਰਹੀ ਹੈ। ਪਿਛਲੇ ਦਿਨੀ ਇੱਕ ਬੇਸਹਾਰਾ ਦੀ ਮੌਤ ਹੋ ਗਈ ਸੀ ਜਿਸ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ’ਚ ਪਈ ਹੈ। ਸਮੁੱਚੇ ਤੌਰ ’ਤੇ ਦੇਖੀਏ ਤਾਂ ਇਹ ਵੀਡੀਓ ਇਨਸਾਨੀਅਤ ਅਤੇ ਕਾਨੂੂੰਨੀ ਤਕਾਜਿਆਂ ਮੁਤਾਬਕ ਸੰਸਥਾ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਚੁੱਕਦੇ ਹਨ।
ਨਾਟਕ ਕਰਕੇ ਦਰਜ ਕਰਾਇਆ ਕੇਸ
ਸੋਸ਼ਲ ਮੀਡੀਆ ’ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਡੀਐਸਪੀ ਸਿਟੀ-2 ਅਰੁਣ ਮੁੰਡਨ ਨੇ ਤਫਤੀਸ਼ ਸ਼ੁਰੂ ਕੀਤੀ ਤਾਂ ਖੁਦ ਨੂੰ ਫਸਦਾ ਦੇਖਕੇ ਹਰਜੀਤ ਸਿੰਘ ਭਾਊ ਨੇ ਨਵਾਂ ਪੈਂਤੜਾ ਅਖਤਿਆਰ ਕਰ ਲਿਆ। ਉਸ ਨੇ ਸੁਸਾਇਟੀ ਦੇ ਸਾਬਕਾ ਮੈਂਬਰ ਗੁਰਮੀਤ ਸਿੰਘ ਉਰਫ ਪਾਰਸ ’ਤੇ ਦੋਸ਼ ਲਾਇਆ ਕਿ ਉਸ ਨੇ ਸੈਂਟਰ ਦੇ ਵੀਡੀਓ ਲੀਕ ਕੀਤੇ ਹਨ ਜਿਸ ’ਚ ਕੱਪੜੇ ਬਦਲ ਰਹੀ ਉਸ ਦੀ ਪਤਨੀ ਦੇ ਕਲਿੱਪ ਵੀ ਸ਼ਾਮਲ ਹਨ। ਪੁਲਿਸ ’ਤੇ ਕਾਰਵਾਈ ਕਰਨ ਦਾ ਦਬਾਅ ਪਾਉਣ ਲਈ ਹਰਜੀਤ ਨੇ ਹਸਪਤਾਲ ’ਚ ਭਰਤੀ ਹੋਕੇ ਜਹਿਰ ਖਾਣ ਦਾ ਡਰਾਮਾ ਵੀ ਕੀਤਾ ਸੀ ਤਾਂ ਉਦੋਂ ਪਾਰਸ ਸਮੇਤ 4 ਜਣਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ।
ਮਾਮਲਾ ਧਿਆਨ ’ਚ ਨਹੀਂ : ਆਈ ਓ
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ’ਚ ਅਜਿਹਾ ਕੋਈ ਮਾਮਲਾ ਨਹੀਂ ਹੈ ਆਇਆ ਹੈ ਫਿਰ ਵੀ ਉਹ ਇਸ ਬਾਰੇ ਪਤਾ ਲਾਉਣਗੇ। ਡੀਐਸਪੀ ਸਿਟੀ-2 ਅਰੁਣ ਮੁੰਡਨ ਦਾ ਵੀਰਵਾਰ ਨੂੰ ਕਹਿਣਾ ਸੀ ਕਿ ਉਹ ਮੀਟਿੰਗ ’ਚ ਰੁੱਝੇ ਹੋਏ ਸਨ ਜਿਸ ਕਰਕੇ ਉਹ ਇਸ ਸਬੰਧ ’ਚ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਣਗੇ। ਸ਼ੁੱਕਰਵਾਰ ਨੂੰ ਦੁਬਾਰਾ ਸੰਪਰਕ ਕਰਨ ’ਤੇ ਉਨ੍ਹਾਂ ਫੋਨ ਨਹੀਂ ਚੁੱਕਿਆ ਅਤੇ ਥਾਣਾ ਕੈਂਟ ਪੁਲਿਸ ਵੀ ਕੁੱਝ ਬੋਲਣ ਤੋਂ ਬਚਦੀ ਰਹੀ।
- Download Babushahi App
-
-