Babushahi Special ਹਿਰਾਸਤੀ ਮੌਤ : ਮਨੁੱਖੀ ਅਧਿਕਾਰ ਕਮਿਸ਼ਨ ਨੇ ਫਰੋਲੇ ਬਠਿੰਡਾ ਪੁਲਿਸ ਦੀ ਚੱਕ ਥੱਲ ਦੇ ਪੋਤੜੇ
ਅਸ਼ੋਕ ਵਰਮਾ
ਬਠਿੰਡਾ, 1ਦਸੰਬਰ 2025:ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੀ ਤੱਥ ਖੋਜ ਰਿਪੋਰਟ ਨੇ ਗੋਨਿਆਣਾ ਮੰਡੀ ਦੇ ਚੰਦਨਦੀਪ ਸਿੰਘ ਦੀ ਸੀਆਈਏ ਸਟਾਫ 2 ਦੇ ਥਾਣੇ ’ਚ ਹੋਈ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਬਠਿੰਡਾ ਪੁਲਿਸ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਰਿਪੋਰਟ ਦੌਰਾਨ ਬਠਿੰਡਾ ਪੁਲਿਸ ਦੀ ਕਾਰਜਸ਼ੈਲੀ ਤੇ ਅਜਿਹੇ ਗੰਭੀਰ ਸਵਾਲ ਚੁੱਕ ਦਿੱਤੇ ਹਨ ਜੋਕਿ ਹਰ ਕਿਸੇ ਨੂੰ ਦੰਗ ਕਰਨ ਵਾਲੇ ਹਨ। ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੀ ਕਮਿਸ਼ਨ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਕੇ ਤੱਥ ਜੁਟਾਏ ਹਨ। ਸੇਵਾਮੁਕਤ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਰਿਪੋਰਟ ’ਚ ਸਾਫ ਲਿਖਿਆ ਹੈ ਕਿ ਨਰਿੰਦਰਦੀਪ ਦੀ ਮੌਤ ਦਾ ਕਾਰਨ ਕੋਈ ਕਾਰ ਹਾਦਸਾ ਨਹੀਂ ਬਲਕਿ ਸੀਆਈਏ ਸਟਾਫ 2 ਪੁਲਿਸ ਵੱਲੋਂ ਅਣਮਨੁੱਖੀ ਤਸੀਹੇ ਦੇਣ ਕਾਰਨ ਹੋਈ ਹੈ। ਕਮਿਸ਼ਨ ਦੀ ਰਿਪੋਰਟ ’ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੀਆਈਏ 2 ਪੁਲਿਸ ਨੇ ਨਰਿੰਦਰਦੀਪ ਸਿੰਘ ਨੂੰ ਗੈਰਕਾਨੂੰਨੀ ਤੌਰ ਤੇ ਹਿਰਾਸਤ ’ਚ ਲਿਆ ਸੀ।
ਰਿਪੋਰਟ ਮੁਤਾਬਕ ਨਰਿੰਦਰਦੀਪ ਨੂੰ ਇੱਕ ਗੁਪਤ ਕੋਠੜੀ ਵਿੱਚ ਰੱਖਕੇ ਤਸੀਹੇ ਦਿੱਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕ ਦੇ ਸਰੀਰ ’ਤੇ 16 ਸੱਟਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚ ਉਸਦੇ ਗੁਪਤ ਅੰਗਾਂ ’ਤੇ ਲੱਗੀ ਇੱਕ ਸੱਟ ਵੀ ਸ਼ਾਮਲ ਹੈ। ਕਮਿਸ਼ਨ ਨੇ ਪੁਲਿਸ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਝੁਠਲਾਉਂਦਿਆਂ ਸਪੱਸ਼ਟ ਕਿਹਾ ਹੈ ਕਿ ਇਹ ਸੱਟਾਂ ਹਾਦਸੇ ਕਾਰਨ ਨਹੀਂ, ਸਗੋਂ ਪੁਲਿਸ ਦੇ ਤਸੀਹਿਆਂ ਕਾਰਨ ਲੱਗੀਆਂ ਸਨ। ਕਾਰ ਦੀ ਜਾਂਚ ਅਤੇ ਚਸ਼ਮਦੀਦ ਗਵਾਹ ਗਗਨਦੀਪ ਸਿੰਘ ਦੇ ਬਿਆਨਾਂ ਨੇ ਪੁਲਿਸ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰ ਦਿੱਤਾ ਹੈ। ਮ੍ਰਿਤਕ ਨਰਿੰਦਰਦੀਪ ਦੀ ਪਤਨੀ ਨੈਨਸੀ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਟੀਮ ਨੇ ਉਨ੍ਹਾਂ ਤੋਂ ਇਲਾਵਾ ਚਸ਼ਮਦੀਦ ਗਵਾਹ ਗਗਨਦੀਪ ਸਿੰਘ ਅਤੇ ਪੁਲਿਸ ਮੁਲਾਜਮਾਂ ਦੇ ਬਿਆਨ ਦਰਜ ਕੀਤੇ ਸਨ। ਉਨ੍ਹਾਂ ਦੱਸਿਆ ਕਿ ਹਾਈਕੋਰਟ ਵਿੱਚ ਇਸ ਕਾਨੂੰਨੀ ਲੜਾਈ ਦੀ ਅਗਲੀ ਸੁਣਵਾਈ 30 ਦਸੰਬਰ ਨੂੰ ਹੋਣੀ ਹੈ।
ਇਸ ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਪਣੀ ਰਿਪੋਰਟ ’ਚ ਦੋ ਵੱਖ ਵੱਖ ਸਿਫਾਰਸ਼ਾਂ ਕੀਤੀਆਂ ਹਨ ਜਿੰਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਾਮਲਾ ਕਿੰਨਾ ਗੰਭੀਰ ਅਤੇ ਪੁਲਿਸ ਤੋਂ ਇਲਾਵਾ ਸਿਵਲ ਹਸਪਤਾਲ ਬਠਿੰਡਾ ਦੀ ਭਰੋਸੇਯੋਗਤਾ ਨਾਲ ਜੁੜਿਆ ਹੋਇਆ ਹੈ। ਕਮਿਸ਼ਨ ਨੇ ਇਸ ਮੌਤ ਸਬੰਧੀ ਬਣੇ ਮੈਡੀਕਲ ਬੋਰਡ ਦੀ ਉਸ ਅੰਤਿਮ ਸਲਾਹ ਤੇ ਭਰੋਸਾ ਨਾਂ ਕਰਨ ਦੀ ਸਿਫਾਰਸ਼ ਵੀ ਕੀਤੀ ਹੈ ਜਿਸ ਵਿੱਚ ਮੌਤ ਦਾ ਕਾਰਨ ਜਹਿਰੀਲਾਪਣ ਦੱਸਿਆ ਗਿਆ ਹੈ। ਕਮਿਸ਼ਨ ਨੇ ਇਸ ਮਾਮਲੇ ’ਚ ਦੋਸ਼ੀਆਂ ਵਜੋਂ ਨਾਮਜਦ ਪੁਲਿਸ ਮੁਲਾਜਮਾਂ ਤੇ ਬਣਦੀ ਕਾਰਵਾਈ ਕਰਨ ਲਈ ਕਿਸੇ ਨਿਰਪੱਖ ਅਤੇ ਅਜ਼ਾਦ ਏਜੰਸੀ ਤੋਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ। ਕਮਿਸ਼ਨ ਨੇ ਗੰਭੀਰ ਚਿੰਤਾ ਜਤਾਈ ਹੈ ਕਿ ਇਸ ਹਿਰਾਸਤੀ ਮੌਤ ਦੇ ਸਬੰਧ ਵਿੱਚ ਐਫਆਈਆਰ ਦਰਜ ਹੋਣ ਦੇ ਬਾਵਜੂਦ ਲੰਮਾ ਸਮਾਂ ਲੰਘਣ ਤੋਂ ਬਾਅਦ ਵੀ ਨਾਮਜਦ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਨਰਿੰਦਰਦੀਪ ਸਿੰਘ ਅਜੀਤ ਰੋਡ ਗਲੀ ਨੰਬਰ 11 ਵਿੱਚ ਇੱਕ ਨਿੱਜੀ ਕੰਪਨੀ ’ਚ ਨੌਕਰੀ ਕਰਦਾ ਸੀ। ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਵਾਸੀ ਓਮੈਕਸ ਕਲੋਨੀ ਗੋਨਿਆਣਾ ਅਨੁਸਾਰ ਨਰਿੰਦਰ 23 ਮਈ 2025 ਨੂੰ ਰੋਜ਼ ਵਾਂਗ ਆਪਣੀ ਗੱਡੀ ਲੈਕੇ ਘਰੋਂ ਗਿਆ ਸੀ ਜਿਸ ਨਾਲ ਉਨ੍ਹਾਂ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਫੋਨ ਤੇ ਹੋਈ ਗੱਲ ਦੌਰਾਨ ਉਸ ਨੇ ਜਲਦੀ ਹੀ ਘਰ ਆਉਣ ਸਬੰਧੀ ਕਿਹਾ ਸੀ। ਇਸ ਤੋਂ ਬਾਅਦ ਉਸ ਦਾ ਮੋਬਾਇਲ ਫੋਨ ਬੰਦ ਆਉਣ ਲੱਗਿਆ। ਰਾਤ ਨੂੰ ਕਰੀਬ 8 ਵਜੇ ਨਰਿੰਦਰਦੀਪ ਦੇ ਮੋਬਾਇਲ ਤੇ ਫੋਨ ਕੀਤਾ ਤਾਂ ਗਗਨਦੀਪ ਸਿੰਘ ਨੇ ਚੁੱਕਿਆ ਸੀ। ਗਗਨਦੀਪ ਨੇ ਕਿਹਾ ਕਿ ਨਰਿੰਦਰਦੀਪ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਨੂੰ ਉਹ ਹਸਪਤਾਲ ਲੈਕੇ ਆਇਆ ਹੈ। ਹਸਪਤਾਲ ਪੁੱਜਣ ਤੇ ਉਨ੍ਹਾਂ ਪਤਾ ਲੱਗਿਆ ਕਿ ਨਰਿੰਦਰਦੀਪ ਦੀ ਮੌਤ ਹੋ ਚੁੱਕੀ ਹੈ। ਉਸ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਖੂਨ ਜੰਮਿਆ ਹੋਇਆ ਹੈ।
ਅਜਿਹਾ ਜਾਪਦਾ ਸੀ ਕਿ ਨਰਿੰਦਰਦੀਪ ਨੂੰ ਸ਼ਰੀਰਕ ਤੌਰ ਤੇ ਤਸੀਹੇ ਦਿੱਤੇ ਗਏ ਹਨ। ਇਸ ਮੌਕੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਪ੍ਰੀਵਾਰ ਦਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਕਿ ਸੀਆਈਏ 2 ਦੀ ਹਿਰਾਸਤ ਵਿੱਚ ਅਵਤਾਰ ਸਿੰਘ ਉਰਫ ਤਾਰੀ ਦੀ ਟੀਮ ਨਰਿੰਦਰ ਤੇ ਤਸ਼ੱਦਦ ਕੀਤਾ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪ੍ਰੀਵਾਰ ਅਨੁਸਾਰ ਗਗਨਦੀਪ ਨੇ ਇਸ ਮੌਤ ਨੂੰ ਹਾਦਸੇ ਦਾ ਰੂਪ ਦਿੱਤਾ ਸੀ। ਉਦੋਂ ਇਹ ਵੀ ਗੱਲ ਸਾਹਮਣੇ ਆਂਹ ਸੀ ਕਿ ਮ੍ਰਿਤਮ ਨਰਿੰਦਰਦੀਪ ਨੂੰ ਹੈਪੀ ਲੂਥਰਾ ਅਤੇ ਗਗਨਦੀਪ ਸਿੰਘ ਨਾਂ ਦੇ ਦੋ ਵਿਅਕਤੀ ਆਪਣੇ ਨਾਲ ਲੈ ਕੇ ਗਏ ਸਨ ਜਿੱਥੋਂ ਸੀਆਈਏ ਸਟਾਫ 2 ਦੀ ਟੀਮ ਨੇ ਉਸ ਨੂੰ ਚੁੱਕ ਲਿਆ ਸੀ। ਇਸ ਸਬੰਧ ਵਿੱਚ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਦੇ ਬਿਆਨਾਂ ਅਨੁਸਾਰ ਪੁਲਿਸ ਨੇ ਅਵਤਾਰ ਸਿੰਘ ਉਰਫ ਤਾਰੀ , ਹੈਪੀ ਅਤੇ ਗਗਨਦੀਪ ਸਿੰਘ ਖਿਲਾਫ ਬੀਐਨਐਸ ਦੀ ਧਾਰਾ 105 ਤਹਿਤ ਮੁਕੱਦਮਾ ਦਰਜ ਕੀਤਾ ਸੀ।