Babushahi Special ਬਠਿੰਡਾ : ਤੰਗ ਗਲੀਆਂ ਮੁਹੱਲਿਆਂ ’ਚ ਬਾਰੂਦ ਦੇ ਢੇਰ ਤੇ ਖਤਰੇ ਭਰੀ ਜਿੰਦਗੀ ਹੰਢਾਉਂਦੇ ਲੋਕ
ਅਸ਼ੋਕ ਵਰਮਾ
ਬਠਿੰਡਾ,23 ਅਗਸਤ2025: ਬਠਿੰਡਾ ਸ਼ਹਿਰ ਦੇ ਅੰਦਰੂਨੀ ਭਾਗਾਂ ਵਿਚ ਵਸਦੇ ਲੋਕ ਬਾਰੂਦ ਦੇ ਢੇਰ ਤੇ ਬੈਠੇ ਜਿੰਦਗੀ ਦੀਆਂ ਰੰਗੀਨੀਆਂ ਮਾਣਦਿਆਂ ਖਤਰਿਆਂ ਨਾਲ ਖੇਡ੍ਹ ਰਹੇ ਹਨ। ਇੰਨ੍ਹਾਂ ਗਲੀ ਮੁਹੱਲਿਆਂ ਮੁਤਾਬਕ ਸ਼ਹਿਰ ਦੀ ਭੁਗੋਲਿਕ ਸਥਿਤੀ ਨੂੰ ਦੇਖੀਏ ਤਾਂ ਸਾਫ ਹੋ ਜਾਂਦਾ ਹੈ ਕਿ ਬਠਿੰਡਾ ਦਾ ਇਹ ਹਿੱਸਾ ਖਤਰੇ ਵਾਲੇ ਖੇਤਰਾਂ ’ਚ ਸ਼ੁਮਾਰ ਹੈ। ਕਈ ਗਲੀਆਂ ਤਾਂ ਐਨੀਆਂ ਜਿਆਦਾ ਤੰਗ ਹਨ ਕਿ ਦੋ ਦੁਪਹੀਆ ਵਾਹਨ ਲੰਘਣੇ ਔਖੇ ਹਨ। ਜੇਕਰ ਇੰਨ੍ਹਾਂ ਥਾਵਾਂ ਤੇ ਕੋਈ ਭਿਆਨਕ ਅਗਨੀਕਾਂਡ ਵਾਪਰ ਜਾਂਦਾ ਹੈ ਤਾਂ ਨੁਕਸਾਨ ਕਿੰਨਾਂ ਹੋਵੇਗਾ ਇਸ ਦਾ ਅਨੁਮਾਨ ਲਾਉਣਾ ਕੋਈ ਮੁਸ਼ਕਿਲ ਨਹੀਂ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸ਼ਹਿਰ ਦੇ ਇੰਨ੍ਹਾਂ ਅੰਦਰੂਨੀ ਭਾਗਾਂ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਰੋਬਾਰੀ ਅਦਾਰੇ ਚੱਲ ਰਹੇ ਹਨ ਜਿੰਨ੍ਹਾਂ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਆਦਿ ਵੀ ਸ਼ਾਮਲ ਹਨ ਜਿੰਨ੍ਹਾਂ ’ਚ ਵਰਤੇ ਜਾਂਦੇ ਐਲਪੀਜੀ ਗੈਸ ਦੇ ਸਿਲੰਡਰ ਕਿਸੇ ਖਤਰਨਾਕ ਬਾਰੂਦ ਤੋਂ ਘੱਟ ਨਹੀਂ ਹੈ।

ਦੇਖਣ ‘ਚ ਆਇਆ ਹੈ ਕਿ ਸਰਕਾਰੀ ਕਾਇਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਕੇ ਕੰਮ ਧੰਦੇ ਚਲਾਉਣ ਦੇ ਮਾਮਲੇ ’ਚ ਭੀੜੀਆਂ ਗਲੀਆਂ ਤੇ ਤੰਗ ਬਜ਼ਾਰਾਂ ਵਿਚ ਸੁਰੱਖਿਆ ਨੂੰ ਅੱਖੋਂ ਓਹਲੇ ਕਰਕੇ ਇਹ ਵਰਤਾਰਾ ਲਗਾਤਾਰ ਜਾਰੀ ਹੈ। ਸ਼ਹਿਰ ਦੀ ਇੱਕ ਵੀ ਗਲੀ ਅਜਿਹੀ ਨਹੀਂ ਹੈ ਜਿੱਥੇ ਵਪਾਰਕ ਅਦਾਰੇ ਨਾ ਹੋਣ ਬਲਕਿ ਕਈ ਥਾਵਾਂ ਤੇ ਤਾਂ ਜਲਲਣਸ਼ੀਲ ਵਸਤਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋਕਿ ਚਿੰਤਾਜਨਕ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦਾਅਵਾ ਕਰਦਾ ਹੈ ਕਿ ਅਦਾਰੇ ਕੋਲ ਢੁੱਕਵੇਂ ਪ੍ਰਬੰਧ ਮੌਜੂਦ ਹਨ ਪਰ ਹਕੀਕਤ ’ਚ ਅਜਿਹਾ ਜਾਪਦਾ ਨਹੀਂ ਹੈ। ਜਦੋਂ ਇੱਕ ਗਲੀ ’ਚ ਦੋ ਮੋਟਰਸਾਈਕਲ ਬਰਾਬਰ ਲੰਘਣੇ ਔਖੇ ਹਨ ਤਾਂ ਹੰਗਾਮੀ ਹਾਲਤ ’ਚ ਇੰਨ੍ਹਾਂ ਭੀੜੀਆਂ ਗਲੀਆਂ ਵਿਚਕਾਰ ਦੀ ਰਾਹਤ ਟੀਮਾਂ ਮੌਕੇ ਤੇ ਕਿਸ ਤਰਾਂ ਪੁੱਜਣਗੀਆਂ ਵੱਡਾ ਸਵਾਲ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜਾਣਦੇ ਹੋਣ ਦੇ ਬਾਵਜੂਦ ਲੋਕ ਸਮਝਣ ਨੂੰ ਬਿਲਕੁਲ ਤਿਆਰ ਨਹੀਂ ਹਨ।
ਦੱਸਣਯੋਗ ਹੈ ਕਿ ਕਰੀਬ ਡੇਢ ਦਹਾਕਾ ਪਹਿਲਾਂ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਕੀਤੇ ਅਧਿਐਨ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਸਮੁੱਚਾ ਇਲਾਕਾ ਖਤਰੇ ਤੋਂ ਰਹਿਤ ਨਹੀਂ ਰਿਹਾ ਹੈ। ਇਸ ਰਿਪੋਰਟ ’ਚ ਬਠਿੰਡਾ ਨੂੰ ਅਬਾਦੀ ਦੀ ਘਣਤਾ ਵਿਸ਼ੇਸ਼ ਤੌਰ ਤੇ ਸ਼ਹਿਰ ਦੀ ਭੁਗੋਲਿਕ ਸਥਿਤੀ ਦੇ ਲਿਹਾਜ ਨਾਲ ਪੂਰੀ ਤਰਾਂ ਅਸੁਰੱਖਿਅਤ ਮੰਨਿਆ ਗਿਆ ਹੈ। ਰਿਪੋਰਟ ਮੁਤਾਬਕ ਮਹਾਂਨਗਰ ਦੀ ਸੰਘਣੀ ਵਸੋਂ ਦੇ ਹਿਸਾਬ ਨਾਲ ਸਿਹਤ ਤੇ ਹੋਰ ਜਰੂਰੀ ਸੇਵਾਵਾਂ ਵੱਡੀ ਪੱਧਰ ਤੇ ਘੱਟ ਹਨ ਹੈ। ਰਿਪੋਰਟ ’ਚ ਰਾਹਤ ਪ੍ਰਬੰਧਾਂ ਤੇ ਸੁਰੱਖਿਆ ਵੱਲ ਖਾਸ ਧਿਆਨ ਦੇਣ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਇਮਾਰਤਸਾਜ਼ੀ ਸਬੰਧੀ ਤਕਨੀਕੀ ਮਾਹਿਰਾਂ ਦਾ ਕਹਿਣਾ ਸੀ ਕਿ ਬਠਿੰਡਾ ਨੂੰ ਤਾਂ ਜਿਆਦਾ ਖਤਰਾ ਸ਼ਹਿਰ ਵਿਚਲੀਆਂ ਕਮਜੋਰ ਇਮਾਰਤਾਂ ਤੋਂ ਹੈ। ਇੰਨ੍ਹਾਂ ਮਾਹਿਰਾਂ ਵੱਲੋਂ ਭੁਚਾਲ ਜਾਂ ਅੱਗ ਲੱਗਣ ਵਰਗੀ ਸਥਿਤੀ ਦੌਰਾਨ ਤਾਂ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਣ ਸਬੰਧੀ ਚਿਤਾਵਨੀ ਵੀ ਦਿੱਤੀ ਗਈ ਸੀ।
ਇੱਕ ਸਾਬਕਾ ਫਾਇਰ ਅਫਸਰ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ਵਿੱਚ ਅਗਜ਼ਨੀ ਜਾਂ ਹੋਰ ਕਿਸੇ ਕਿਸਮ ਦੇ ਹੰਗਾਮੀ ਹਾਲਾਤ ਪੈਦਾ ਹੋ ਜਾਂਦੇ ਹਨ ਤਾਂ ਸ਼ਹਿਰ ਦੀਆਂ ਹੱਦੋਂ ਜਿਆਦਾ ਤੰਗ ਗਲੀਆਂ ਅਤੇ ਰਿਹਾਇਸ਼ੀ ਮੁਹੱਲਿਆਂ ਦੇ ਅੰਦਰ ਤੱਕ ਬਣੇ ਬਜ਼ਾਰਾਂ ’ਚ ਰਾਹਤ ਕਾਰਜ ਕਰਨੇ ਮੁਸ਼ਕਲ ਹੀ ਨਹੀਂ ਬਲਕਿ ਕਈ ਉੱਚੇ ਨੀਵੇਂ ਤੇ ਟੇਢੇ ਮੇਢੇ ਮੁਹੱਲਿਆਂ ’ਚ ਤਾਂ ਇੱਕ ਤਰਾਂ ਨਾਲ ਅਸੰਭਵ ਹੀ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪੁਰਾਣੇ ਸ਼ਹਿਰ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਪਰ ਭਵਿੱਖ ਦੀਆਂ ਜਰੂਰਤਾਂ ਮੁਤਾਬਕ ਸੁਰੱਖਿਆ ਵਰਗੇ ਅਹਿਮ ਮਸਲੇ ਨੂੰ ਧਿਆਨ ਵਿਚ ਰੱਖ ਕੇ ਰਾਹਤ ਪ੍ਰਬੰਧ ਵੀ ਉਸੇ ਹਾਣ ਦੇ ਕੀਤੇ ਜਾਣੇ ਚਾਹੀਦੇ ਹਨ। ਉਂਜ ਰਾਹਤ ਵਾਲੀ ਗੱਲ ਇਹ ਹੈ ਕਿ ਬਠਿੰਡਾ ਵਿੱਚ ਕੌਮੀ ਆਫਤ ਰਾਹਤ ਦਲ (ਐਨਡੀਆਰਐਫ) ਦੀ ਇੱਕ ਬਟਾਲੀਅਨ ਤਾਇਨਾਤ ਹੈ ਜਿਸ ਨੂੰ ਹਰ ਪ੍ਰਕਾਰ ਦੇ ਹੰਗਾਮੀ ਹਲਾਤਾਂ ਦੌਰਾਨ ਤੁਰੰਤ ਸੱਦਿਆ ਜਾ ਸਕਦਾ ਹੈ।
ਪੁਰਾਣੀਆਂ ਇਮਾਰਤਾਂ ਤੋਂ ਖਤਰਾ
ਸ਼ਹਿਰ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਵੀ ਪੁਰਾਣੀਆਂ ਇਮਾਰਤਾਂ ’ਚ ਚੱਲ ਰਹੇ ਹਨ। ਮਿਸਾਲ ਦੇ ਤੌਰ ਤੇ ਬਠਿੰਡਾ ’ਚ ਸੀ.ਆਈ.ਏ ਸਟਾਫ ਦਾ ਇੱਕ ਵਿੰਗ 1914 ‘ਚ ਅੰਗਰੇਜਾਂ ਵੇਲੇ ਉਸਾਰੀ ਗਈ ਜੁਡੀਸ਼ੀਅਲ ਹਵਾਲਾਤ ਵਿੱਚ ਚੱਲ ਰਿਹਾ ਹੈ। ਕਰੀਬ ਸਾਢੇ ਤਿੰਨ ਲੱਖ ਦੀ ਅਬਾਦੀ ਵਾਲੇ ਬਠਿੰਡਾ ਵਿੱਚ ਅੱਧਿਓਂ ਵੱਧ ਇਮਾਰਤਾਂ ਦਹਾਕਿਆਂ ਪੁਰਾਣੀਆਂ ਹਨ ਜਦੋਂਕਿ ਕਾਫੀ ਗਲੀਆਂ ਮੁਹੱਲੇ ਵੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ।
ਜਾਗਰੂਕ ਹੋਣ ਲੋਕ: ਪਠਾਣੀਆ
ਫਸਟ ਏਡ ਫਸਟ ਦੇ ਕੋਆਰਡੀਨੇਡਰ ਨਰੇਸ਼ ਪਠਾਣੀਆਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਪੁਰਾਣੇ ਬਠਿੰਡਾ ਦੀ ਭੂਗੋਲਿਕ ਸਥਿਤੀ ਹੈ ਉਸ ਮੁਤਾਬਕ ਲੋਕਾਂ ਦਾ ਜਾਗਰੂਕ ਹੋਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰੋਜੀ ਰੋਟੀ ਦੇ ਮਸਲੇ ਵੱਡੇ ਹਨ ਪਰ ਜਿੰਦਗੀ ਤੋਂ ਕੱੁਝ ਵੀ ਵੱਡਾ ਨਹੀਂ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਅਨਹੋਣੀ ਦੀ ਸੂਰਤ ’ਚ ਸਹਾਇਤਾ ਦੀ ਘਾਟ ਨਹੀਂ ਫਿਰ ਵੀ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਪਛਾਨਣ ਦੀ ਲੋੜ ਹੈ ।
ਅੱਗ ਬੁਝਾਊ ਪ੍ਰਬੰਧ ਮੁਕੰਮਲ: ਫਾਇਰ ਅਫਸਰ
ਫਾਇਰ ਬ੍ਰਿਗੇਡ ਬਠਿੰਡਾ ਦੇ ਫਾਇਰ ਅਫਸਰ ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਦੋ ਛੋਟੀਆਂ ਗੱਡੀਆਂ ਹਨ ਜੋ ਕਾਰ ਜਿੰਨੇਂ ਲਾਂਘੇ ਰਾਹੀਂ ਅਸਾਨੀ ਨਾਲ ਮੌਕੇ ਤੇ ਪੁੱਜ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਬਰੈਂਟੋ ਸਕਾਈ ਲਿਫਟ ਸਮੇਤ ਅੱਗ ਬੁਝਾਉਣ ਲਈ ਹੋਰ ਵੀ ਸਾਜੋ ਸਮਾਨ ਮਿਲਣ ਵਾਲਾ ਹੈ ਜਿਸ ਨਾਲ ਸਮੱਸਿਆ ਖਤਮ ਹੋ ਜਾਏਗੀ।