Babushahi Special :ਚਿੱਟੇ ਨਾਲ ਮੌਤਾਂ : ਕੀਹਦੇ ਗੁੱਟ ’ਤੇ ਬੰਨ੍ਹੇਗੀ ਭੈਣ ਰੱਖੜੀ ਨਾੜ ’ਚ ਸਰਿੰਜ ਰਹਿ ਗਈ
ਅਸ਼ੋਕ ਵਰਮਾ
ਬਠਿੰਡਾ , 16 ਅਗਸਤ 2026 : ਬਠਿੰਡਾ ਜਿਲ੍ਹੇ ਦੇ ਨਸ਼ਾ ਤਸਕਰੀ ਅਤੇ ਵਰਤੋਂ ਲਈ ਬਦਨਾਮ ਪਿੰਡ ਬੀੜ ਤਲਾਬ ਦੀਆਂ ਮਾਵਾਂ ਦੇ ਸਵਾਲ ਹਨ ਕਿ ਜਦੋਂ ਸਰਕਾਰ ਆਖਦੀ ਹੈ ਕਿ ਨਸ਼ਾ ਵਿਕਣ ’ਚ ਕਟੌਤੀ ਹੋਈ ਹੈ ਤਾਂ ਫਿਰ ਉਨ੍ਹਾਂ ਦੇ ਘਰਾਂ ’ਚ ਸੱਥਰ ਕਿਓਂ ਵਿਛ ਗਏ ਹਨ। ਉਨ੍ਹਾਂ ਇਹ ਵੀ ਸਵਾਲ ਪੁੱਛਿਆ ਹੈ ਕਿ ਆਮ ਆਦਮੀ ਦੀ ਕਹੀ ਜਾਣ ਵਾਲੀ ਪੰਜਾਬ ਸਰਕਾਰ ਨੀਂਦ ਤੋਂ ਕਦੋਂ ਜਾਗੇਗੀ। ਮਾਵਾਂ ਆਖਦੀਆਂ ਹਨ ਕਿ ਪਿਛਲੀ ਸਰਕਾਰ ਵੇਲੇ ਮਹਾਰਜੇ ਦੀ ਸਹੁੰ ਝੂਠੀ ਸਾਬਤ ਹੋਈ ਹੈ ਤਾਂ ਇਸ ਹਕੂਮਤ ਦੇ ਰਾਜ ਭਾਗ ਦੌਰਾਨ ਚਿੱਟੇ ਕਾਰਨ ਵੀ ਸਿਵੇ ਲਗਾਤਾਰ ਬਲ ਰਹੇ ਹਨ। ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਬਸਤੀ ਬੀੜ ਤਲਾਬ ’ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਾਮਲੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਦੋਵਾਂ ਦੀਆਂ ਬਾਹਾਂ ’ਚ ਟੀਕੇ ਲੱਗੇ ਹੋਏ ਸਨ ਅਤੇ ਉਨ੍ਹਾਂ ਦੀ ਮੌਤ ਮੌਕੇ ’ਤੇ ਹੀ ਹੋ ਚੁੱਕੀ ਸੀ।
ਚਿੰਤਾਜਨਕ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਨਸ਼ੇ ਦੀ ਓਵਰਡੋਜ਼ ਕਾਰਨ ਬਠਿੰਡਾ ਜਿਲ੍ਹੇ ’ਚ ਲੰਘੇ ਦੋ ਤਿੰਨ ਮਹੀਨਿਆਂ ਦੌਰਾਨ ਇੱਕ ਦਰਜਨ ਤੋਂ ਵੱਧ ਗੱਭਰੂਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਤਿੰਨ ਦੋਸਤਾਂ ਨੇ ਮਿਲਕੇ ਚਿੱਟਾ ਵਰਤਿਆ ਸੀ ਜਿੰਨ੍ਹਾਂ ਚੋਂ ਦੋ ਦੀ ਹਾਲਤ ਵਿਗੜ ਗਈ ਜਦੋਂਕਿ ਤੀਸਰਾ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਮੌਕੇ ’ਤੇ ਪੁੱਜੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕਾਂ ਦੀ ਪਛਾਣ ਪਿੰਡ ਜੈ ਸਿੰਘ ਵਾਲਾ ਵਾਸੀ ਗੁਰਵਿੰਦਰ ਸਿੰਘ ਅਤੇ ਜੋਧਪੁਰ ਰੋਮਾਣਾ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਦੀ ਉਮਰ ਕਰੀਬ 25 ਤੋਂ 30 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸਰਿੰਜਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਦੋਨੋ ਨੌਜਵਾਨ ਇੱਕ ਹੋਰ ਮੁੰਡੇ ਨਾਲ ਬੀੜ ਤਲਾਬ ਬਸਤੀ ਦੇ ਨਜ਼ਦੀਕ ਪੁੱਜੇ ਸਨ।
ਦੱਸਿਆ ਜਾਂਦਾ ਹੈ ਕਿ ਤਿੰਨਾਂ ਨੇ ਇਸ ਮੌਕੇ ਸਰਿੰਜ ਰਾਹੀਂ ਚਿੱਟੇ ਦਾ ਟੀਕਾ ਲਾਇਆ ਜਿਸ ਤੋਂ ਬਾਅਦ ਗੁਰਵਿੰਦਰ ਅਤੇ ਕੁਲਦੀਪ ਦੀ ਅਚਾਨਕ ਹਾਲਤ ਵਿਗੜ ਗਈ ਜਿਸ ਦੇ ਸਿੱਟੇ ਵਜੋਂ ਦੋਵੇਂ ਬੇਹੋਸ਼ ਹੋ ਗਏ। ਦੋਵਾਂ ਦੀ ਹਾਲਤ ਨੂੰ ਦੇਖਦਿਆਂ ਤੀਸਰਾ ਨੌਜਵਾਨ ਮੌਕੇ ਤੋਂ ਭੱਜ ਗਿਆ। ਪਤਾ ਲੱਗਣ ’ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਹੁਣ ਮੌਕੇ ਤੋਂ ਫਰਾਰ ਹੋਏ ਨੌਜਵਾਨ ਦਾ ਪਤਾ ਲਾਉਣ ’ਚ ਜੁਟ ਗਈ ਹੈ ਅਤੇ ਇਹ ਵੀ ਪਤਾ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਤਿੰਨਾਂ ਨੇ ਨਸ਼ਾ ਕਿੱਥੋਂ ਖਰੀਦਿਆ ਸੀ। ਪਿੰਡਾਂ ਦੇ ਲੋਕ ਆਖਦੇ ਹਨ ਕਿ ਬਠਿੰਡਾ ਖਿੱਤੇ ’ਚ ਚਿੱਟੇ ਦਾ ਨਸ਼ਾ ਤਾਂ ਜੁਆਨੀ ਦੇ ਕਾਲੇ ਲੇਖ ਲਿਖਣੋ ਹਟ ਨਹੀਂ ਰਿਹਾ ਹੈ ਅਤੇ ਬਸਤੀ ਬੀੜ ਤਲਾਬ ਨਸ਼ੇ ਦੇ ‘ਹੌਟ ਸਪੌਟ’ ਵਜੋਂ ਸਾਹਮਣੇ ਆਈ ਹੈ ਤਾਂ ਪੁਲਿਸ ਚੁੱਪ ਕਿਓਂ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਦੀਪ ਸਿੰਘ ਨਸ਼ੇ ਦੀ ਲਤ ਕਾਰਨ ਪਹਿਲਾਂ ਤੋਂ ਹੀ ਪ੍ਰੇਸ਼ਾਨ ਚੱਲ ਰਿਹਾ ਸੀ। ਪ੍ਰੀਵਾਰ ਵੱਲੋਂ ਉਸ ਨੂੰ ਦੋ ਵਾਰ ਨਸ਼ਾ ਮੁਕਤੀ ਕੇਂਦਰ ’ਚ ਇਲਾਜ ਲਈ ਭਰਤੀ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ। ਇਸੇ ਤਰਾਂ ਹੀ ਗੁਰਵਿੰਦਰ ਸਿੰਘ ਸਬੰਧੀ ਵੀ ਨਸ਼ੇ ਦਾ ਆਦੀ ਹੋਣ ਬਾਰੇ ਜਾਣਕਾਰੀ ਮਿਲੀ ਹੈ। ਕੜੀ ਵਰਗੇ ਗੱਭਰੂਆਂ ਦੀ ਮੌਤਾਂ ਕਾਰਨ ਦੋਵਾਂ ਪਿੰਡਾਂ ’ਚ ਮਾਤਮ ਪੱਸਰਿਆ ਹੋਇਆ ਹੈ। ਪੀੜਤ ਮਾਪਿਆਂ ਦਾ ਕਹਿਣਾ ਹੈ ਕਿ ‘ਚਿੱਟਾ’ ਵੇਚਣ ਵਾਲੇ ਡੀਲਰਾਂ ਨੂੰ ਜੇਲ੍ਹਾਂ ’ਚ ਕਦੋਂ ਭੇਜਿਆ ਜਾਏਗਾ, ਘਰਾਂ ’ਚ ਵੈਣ ਪੈਣੋਂ ਕਦੋਂ ਰੁਕਣਗੇ ਅਤੇ ਸ਼ਮਸ਼ਾਨਘਾਟਾਂ ਅਤੇ ਜਨਤਕ ਥਾਵਾਂ ’ਤੇ ਲੱਗ ਰੇ ਸਰਿੰਜਾਂ ਦੇ ਢੇਰਾਂ ਦਾ ਕਦੋਂ ਕੀ ਬਣੇਗਾ? ਲੋਕ ਆਖਦੇ ਹਨ ਕਿ ਨਸ਼ਾਗ੍ਰਸਤ ਮੁੰਡਿਆਂ ਦਾ ਪ੍ਰੀਵਾਰ ਇਲਾਜ ਵੀ ਕਰਵਾ ਲੈਂਦੇ ਹਨ ਪਰ ਭੈੜੀ ਸੰਗਤ ਫਿਰ ਓਧਰੇ ਧੱਕ ਦਿੰਦੀ ਹੈ ਇਸ ਲਈ ਵਿੱਕਰੀ ’ਤੇ ਸਖਤੀ ਨਾਲ ਰੋਕ ਲਾਉਣੀ ਚਾਹੀਦੀ ਹੈ।
ਪੁਲਿਸ ਛਾਪੇ ਨਸ਼ਾ ਵਿਕਣਾ ਜਾਰੀ
ਇਸ ਘਟਨਾਂ ਤੋਂ ਬਾਅਦ ਬੀੜ ਤਲਾਬ ਬਸਤੀ ’ਚ ਨਸ਼ਿਆਂ ਦੀ ਵਿੱਕਰੀ ਨੂੰ ਲੈਕੇ ਇੱਕ ਵਾਰ ਫਿਰ ਤੋਂ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਦੇ ਦੋਸ਼ ਹਨ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਬਲਕਿ ਪੁਲਿਸ ਦੇ ਛਾਪੇ ਵੀ ਖਾਨਾਪੂਰਤੀ ਸਾਬਤ ਹੋ ਰਹੇ ਹਨ। ਪੁਲਿਸ ਰਿਕਾਰਡ ਵਿੱਚ ਵੀ ਬਸਤੀ ਚਿੱਟੇ ਦੀ ਵਿੱਕਰੀ ਦੇ ਹੌਟ ਸਪੌਟ ਵਜੋਂ ਦਰਜ ਹੈ। ਇਸ ਪਿੰਡ ਦੇ ਕਾਫੀ ਲੋਕਾਂ ਖਿਲਾਫ ਪਰਚੇ ਵੀ ਦਰਜ ਹੋਏ ਹਨ ਅਤੇ ਤਸਕਰਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਪਰ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ ਅਤੇ ਸਮੱਸਿਆ ਖਤਮ ਨਹੀਂ ਕੀਤੀ ਜਾ ਸਕੀ ਹੈ।
ਪੁਲਿਸ ਕਾਰਵਾਈਆਂ ਜਾਰੀ :ਡੀਐਸਪੀ
ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਦਾ ਕਹਿਣਾ ਦੋਵਾਂ ਪ੍ਰੀਵਾਰਾਂ ਨੇ ਕਿਸੇ ਕਿਸਮ ਦੀ ਕਾਰਵਾਈ ਨਹੀਂ ਕਰਵਾਈ ਅਤੇ ਮ੍ਰਿਤਕਾਂ ਦੇ ਅੰਤਿਮ ਸਸਕਾਰ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨਸ਼ਿਆਂ ਦੀ ਵਿੱਕੀ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਵਿੱਕਰੀ ਘਟੀ ਹੈ। ਉਨ੍ਹਾਂ ਕਿਹਾ ਕਿ ਲੋਕ ਪੁਲਿਸ ਨੂੰ ਨਸ਼ਾ ਤਸਕਰੀ ਸਬੰਧੀ ਸੂਚਨਾ ਦੇਣ ਤਾਂ ਉਨ੍ਹਾਂ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਅਤੇ ਤਸਕਰਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ।
- Download Babushahi App
-
-