Babushahi Special: ਅਫੀਮ ਤੇ ਭੁੱਕੀ ਦਾ ਮੁੱਕਿਆ ‘ਰਾਜ਼’, ਕਾਕਿਆਂ ਲਈ ‘ਚਿੱਟਾ’ ਬਣਿਆ ‘ਸਿਰ ਦਾ ਤਾਜ਼’
ਅਸ਼ੋਕ ਵਰਮਾ
ਬਠਿੰਡਾ, 23 ਮਈ 2025:ਬਠਿੰਡਾ ਪੱਟੀ ਵਿੱਚ ਹੈਰੋਇਨ (ਚਿੱਟੇ) ਵਰਗੇ ਮਹਿੰਗੇ ਨਸ਼ਿਆਂ ਦੀ ਵੱਡੇ ਪੱਧਰ ’ਤੇ ਤਸਕਰੀ ਹੋ ਰਹੀ ਹੈ ਜਦੋਂਕਿ ਭੰਗ ਅਤੇ ਅਫੀਮ ਜਿਹੇ ਨਸ਼ਿਆਂ ਦੀ ਬਰਾਮਦਗੀ ਘਟੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਖਿੱਤੇ ਵਿੱਚ ਮਹਿੰਗੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਲੰਘੇ ਸਾਲਾਂ ਦੌਰਾਨ ਵਧੀ ਹੈ। ਬਠਿੰਡਾ ਪੁਲਿਸ ਵੱਲੋਂ ਜਾਰੀ ਕੀਤੀ ਜਾਂਦੀ ਰੋਜਾਨਾ ਕ੍ਰਾਈਮ ਰਿਪੋਰਟ ਦੇ ਇਹ ਤੱਥ ਹਨ ਜਿੰਨ੍ਹਾਂ ਤੋਂ ਇਹੋ ਸਪਸ਼ਟ ਹੁੰਦਾ ਹੈ। ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਲੀਕਿਆ’ ਯੁੱਧ ਨਸ਼ਿਆਂ ਵਿਰੁੱਧ’ ਚੱਲ ਰਿਹਾ ਹੈ ਤਾਂ ਪੁਲਿਸ ਤਸਕਰਾਂ ਖਿਲਾਫ ਪੱਬਾਂ ਭਾਰ ਹੈ। ਹਾਲਾਂਕਿ ਇਹ ਵੀ ਹਕੀਕਤ ਹੈ ਕਿ ਪੰਜਾਬ ਪੁਲੀਸ ਵੱਲੋਂ ਨਸ਼ੇ ਬਰਾਮਦਗੀ ਦੇ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾਂਦੇ ਕੇਸਾਂ ਵਿੱਚੋਂ ਮੁਲਜ਼ਮ ਕਾਨੂੰਨੀ ਘੁੰਡੀਆਂ ਦਾ ਲਾਹਾ ਲੈਂਦਿਆਂ ਬਰੀ ਹੋ ਜਾਂਦੇ ਹਨ ਫਿਰ ਵੀ ਬਠਿੰਡਾ ਪੁਲਿਸ ਸਖਤ ਨਜ਼ਰ ਆ ਰਹੀ ਹੈ।
ਬਠਿੰਡਾ ਪੁਲਿਸ ਵੱਲੋਂ ਜਾਰੀ ਕੀਤੀ ਜਾਂਦੀ ਕ੍ਰਾਈਮ ਡਾਇਰੀ ਅਨੁਸਾਰ 14 ਮਈ ਨੂੰ ਥਾਣਾ ਸਦਰ ਰਾਮਪੁਰਾ ਪੁਲਿਸ ਨੇ ਲਵਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਜਗਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਹਿਰਾਜ ਤੋਂ 50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਇਸੇ ਦਿਨ ਦਿਆਲਪੁਰਾ ਪੁਲਿਸ ਨੇ ਮਮਤਾ ਪਤਨੀ ਲਾਖਣ ਅਤੇ ਵਿੱਕੀ ਕੁਮਾਰ ਪੁੱਤਰ ਰਾਜੂ ਰਾਮ ਨੂੰ 19.20 ਗ੍ਰਾਮ ਚਿੱਟੇ ਸਣੇ ਫੜਿਆ ਹੈ। ਥਾਣਾ ਸਦਰ ਬਠਿੰਡਾ ਪੁਲਿਸ ਨੇ ਨਸ਼ਿਆਂ ਲਈ ਬਦਨਾਮ ਬੀੜ ਤਲਾਬ ਤੋਂ ਇਸੇ ਪਿੰਡ ਦੇ ਬੂਟਾ ਸਿੰਘ ਪੁੱਤਰ ਮੁਕੰਦ ਸਿੰਘ ਨੂੰ ਗ੍ਰਿਫਤਾਰ ਕਰਕੇ 37 ਗ੍ਰਾਮ ਚਿੱਟਾ ਬ੍ਰਾਮਦ ਕੀਤਾ ਹੈ। ਨੇਹੀਆਂ ਵਾਲਾ ਪੁਲਿਸ ਨੇ ਵੀ 6 ਗ੍ਰਾਮ ਚਿੱਟੇ ਸਮੇਤ ਦੋ ਵਿਅਕਤੀ ਗ੍ਰਿਫਤਾਰ ਕੀਤੇ ਹਨ। ਏਦਾਂ ਹੀ 15 ਮਈ ਨੂੰ ਚਿੱਟਾ ਬਰਾਮਦ ਹੋਣ ਦੇ ਕੇਸਾਂ ਦੀ ਤਾਂ ਝੜੀ ਲੱਗੀ ਨਜ਼ਰ ਆਈ। ਇਸ ਦਿਨ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵੱਲੋਂ ਚਿੱਟਾ ਬਰਾਮਦਗੀ ਦੇ 8 ਮਾਮਲੇ ਸਾਹਮਣੇ ਆਏ ਹਨ।
ਇਸੇ ਤਰਾਂ ਲੰਘੀ 16 ਮਈ ਨੂੰ ਥਾਣਾ ਸਦਰ ਰਾਮਪੁਰਾ ਪੁਲਿਸ ਨੇ 112 ਗ੍ਰਾਮ ਚਿੱਟਾ ਅਤੇ 60 ਹਜ਼ਾਰ ਡਰੱਗ ਮਨੀ ਸਮੇਤ ਸੰਦੀਪ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਹਰਗੋਬਿੰਦਪੁਰਾ ਅਬੋਹਰ,ਹਰਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਅਤੇ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਚਾਉਕੇ ਨੂੰ ਗ੍ਰਿਫਤਾਰ ਕੀਤਾ ਸੀ। ਥਾਣਾ ਸਿਵਲ ਲਾਈਨ ਪੁਲਿਸ ਨੇ ਬਠਿੰਡਾ ’ਚ ਨਸ਼ੇ ਲਈ ਬਦਨਾਮ ਬੇਅੰਤ ਨਗਰ ਅਤੇ ਧੋਬੀਅਣਾ ਬਸਤੀ ਨਾਲ ਸਬੰਧਤ ਤਿੰਨ ਨਸ਼ਾ ਤਸਕਰਾਂ ਗੁਲਾਲ ਸਿੰਘ ਉਰਫ ਲਾਡੀ ਪੁੱਤਰ ਹੈਪੀ ਸਿੰਘ,ਹਰਮਨ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਨਗੀਨਾ ਦੇਵੀ ਪੁੱਤਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰਕੇ 35.17 ਗ੍ਰਾਮ ਚਿੱਟਾ ਫੜ੍ਹਿਆ ਸੀ । ਥਾਣਾ ਸਦਰ ਬਠਿੰਡਾ ਨੇ ਲਖਵੀਰ ਸਿੰਘ ਪੁੱਤਰ ਅੰਗਰੇਜ਼ ਸਿੰਘ ਅਤੇ ਗੁਰਤੇਜ਼ ਸਿੰਘ ਪੁੱਤਰ ਹਮੀਰ ਸਿੰਘ ਵਾਸੀਅਨ ਨਰੂਆਣਾ ਨੂੰ 20 ਗ੍ਰਾਮ ਚਿੱਟੇ ਸਣੇ ਕਾਬੂ ਕੀਤਾ ਸੀ। ਇਸ ਤੋਂ ਇਲਾਵਾ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ 8 ਕੇਸਾਂ ਵਿੱਚ ਚਿੱਟਾ ਫੜਿਆ ਹੈ।
ਏਦਾਂ ਹੀ 17 ਮਈ ਨੂੰ ਵੀ ਬਠਿੰਡਾ ਜਿਲ੍ਹੇ ਦੇ ਵੱਖ ਵੱਖ 9 ਥਾਣਿਆ ਵਿੱਚ ਚਿੱਟਾ ਬਰਾਮਦ ਕਰਨ ਦੇ 10 ਮੁਕੱਦਮੇ ਦਰਜ ਹੋਏ ਹਨ। ਇੰਨ੍ਹਾਂ ਚੋਂ ਸੀਆਈਏ ਸਟਾਫ 2 ਨੇ ਪਰਦੀਪ ਸਿੰਘ ਪੁੱਤਰ ਨੈਬ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਅਤੇ ਨੀਰਜ ਕੁਮਾਰ ਪੁੱਤਰ ਨੰਦ ਲਾਲ ਵਾਸੀ ਮੌੜ ਮੰਡੀ ਨੂੰ ਗ੍ਰਿਫਤਾਰ ਕਰਕੇ 60 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਏਦਾਂ ਹੀ 18 ਮਈ ਨੂੰ ਬਠਿੰਡਾ ਜਿਲ੍ਹੇ ਵਿੱਚ ਚਿੱਟਾ ਬਰਾਮਦ ਕਰਨ ਦੇ 5 ਕੇਸ ਦਰਜ ਹੋਏ ਹਨ । ਥਾਣਾ ਕੋਤਵਾਲੀ ਪੁਲਿਸ ਨੇ 25 ਗ੍ਰਾਮ ਚਿੱਟਾ ਫੜਿਆ ਹੈ। ਲੰਘੀ 19 ਮਈ ਨੂੰ ਥਾਣਾ ਕੈਨਾਲ ਕਲੋਨੀ ਪੁਲਿਸ ਨੇ 10 ਗ੍ਰਾਮ ਚਿੱਟਾ ਤੇ 45 ਹਜ਼ਾਰ ਡਰੱਗ ਮਨੀ, ਥਾਣ, ਕੈਂਟ ਪੁਲਿਸ ਨੇ ਦੋ ਜਣਿਆਂ ਤੋਂ 5.6 ਗ੍ਰਾਮ ਚਿੱਟਾ ਤੇ 10 ਹਜ਼ਾਰ ਡਰੱਗ ਮਨੀ, ਥਾਣਾ ਫੂਲ ਪੁਲਿਸ ਨੇ ਦੋ ਗ੍ਰਾਮ ਚਿੱਟਾ ਅਤੇ ਥਾਣਾ ਸਦਰ ਰਾਮਪੁਰਾ ਪੁਲਿਸ ਨੇ 10 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ।
ਥਾਣਾ ਕੈਂਟ ਪੁਲਿਸ ਨੇ 20 ਮਈ ਨੂੰ 4 ਤਸਕਰਾਂ ਰਵੀ ਸਿੰਘ ਪੁੱਤਰ ਭੀਮਾ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ, ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਤੇ ਰਾਜਵੀਰ ਸਿੰਘ ਪੁੱਤਰ ਜੋਧਾ ਸਿੰਘ ਵਾਸੀਅਨ ਪਿੰਡ ਜੇਠੂਕੇ ਅਤੇ ਗਗਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰਾਮਗੜ੍ਹ ਭੂੰਦੜ ਨੂੰ ਗ੍ਰਿਫਤਾਰ ਕਰਕੇ 71 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਇਸ ਤੋਂ ਬਿਨਾਂ ਹੋਰਨਾਂ ਥਾਣਿਆਂ ਵਿੱਚ ਦਰਜ ਅੱਧੀ ਦਰਜਨ ਮਾਮਲਿਆਂ ਵਿੱਚ 42 ਗ੍ਰਾਮ ਤੋਂ ਜਿਆਦਾ ਚਿੱਟਾ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸੇ ਤਰਾਂ 21 ਮਈ ਨੂੰ 7 ਮਾਮਲਿਆਂ ਵਿੱਚ ਪੁਲਿਸ ਨੇ ਚਿੱਟਾ ਬਰਾਮਦ ਕੀਤਾ ਹੈ। ਥਾਣ ਸਦਰ ਬਠਿੰਡਾ ਨੇ 22 ਮਈ ਨੂੰ ਸੰਦੀਪ ਸਿੰਘ ਵਾਸੀ ਬੀੜ ਤਲਾਬ ਤੋਂ 35 ਗ੍ਰਾਮ ਚਿੱਟਾ ਫੜਿਆ ਹੈ। ਸੀਆਈਏ ਸਟਾਫ 2 ਪੁਲਿਸ ਨੇ 20 ਗ੍ਰਾਮ ਚਿੱਟਾ ਅਤੇ 45 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ ਜਦੋਂ ਕਿ ਇਸ ਦਿਨ ਇਕੱਲੇ ਚਿੱਟੇ ਦੇ ਹੋਰ ਪੰਜ ਮਾਮਲੇ ਦਰਜ ਹੋਏ ਹਨ।
ਭੁੱਕੀ ਅਫੀਮ ਦੀ ਸਰਦਾਰੀ ਖਤਮ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਨਸ਼ਾ ਖਤਮ ਕਰਨ ਲਈ 31 ਮਈ ਦੀ ਡੈਡਲਾਈਨ ਦਿੱਤੀ ਹੋਈ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਹਰ ਰੰਗ ਦੇ ਨਸ਼ਾ ਤਸਕਰਾਂ ਖਿਲਾਫ ਹੱਥ ਧੋਕੇ ਪਈ ਨਜ਼ਰ ਆ ਰਹੀ ਹੈ। ਸੂਤਰ ਦੱਸਦੇ ਹਨ ਕਿ ਨਸ਼ੇੜੀ ਨੌਜਵਾਨ ਚਿੱਟੇ ਜਿਹੇ ਮਹਿੰਗੇ ਨਸ਼ੇ ਦੀ ਵਰਤੋਂ ਕਰਨ ਲੱਗੇ ਹਨ ਅਤੇ ਭੁੱਕੀ - ਅਫੀਮ ਪਿੱਛੇ ਚਲੀ ਗਈ ਹੈ।