BREAKING- CM ਮਾਨ ਨੇ ਬਿਜਲੀ ਖਪਤਕਾਰਾਂ ਦੇ ਹੱਕ 'ਚ ਕੀਤਾ ਵੱਡਾ ਐਲਾਨ; 24 ਲੱਖ ਪਰਿਵਾਰਾਂ ਨੂੰ ਮਿਲੇਗੀ ਰਾਹਤ
31 ਮਾਰਚ 2026 ਤੱਕ ਦੇ ਬਕਾਇਆ ਘਰੇਲੂ ਬਿਜਲੀ ਬਿੱਲਾਂ 'ਤੇ OTS ਸਕੀਮ ਲਾਗੂ, 24.84 ਲੱਖ ਖਪਤਕਾਰਾਂ ਨੂੰ ਮਿਲੇਗਾ ਸਿੱਧਾ ਲਾਭ
BABUSHAHI NETWORK
ਚੰਡੀਗੜ੍ਹ, 13 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਇੱਕ ਅਹਿਮ ਫੈਸਲਾ ਲਿਆ ਹੈ। ਅੱਜ ਚੰਡੀਗੜ੍ਹ ਵਿਖੇ ਕੀਤੀ ਗਈ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਘਰੇਲੂ ਬਿਜਲੀ ਬਿੱਲਾਂ ਦੇ ਬਕਾਏਦਾਰਾਂ ਲਈ 'ਵਨ ਟਾਈਮ ਸੈਟਲਮੈਂਟ ਸਕੀਮ' (OTS) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਭਲਕੇ ਜਾਰੀ ਕਰ ਦਿੱਤਾ ਜਾਵੇਗਾ। ਇਹ ਯੋਜਨਾ ਉਨ੍ਹਾਂ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਚਾਹੇ ਉਹ ਪਿੰਡਾਂ ਵਿੱਚ ਰਹਿੰਦੇ ਹੋਣ ਜਾਂ ਸ਼ਹਿਰਾਂ ਵਿੱਚ, 'ਤੇ ਲਾਗੂ ਹੋਵੇਗੀ, ਜਿਨ੍ਹਾਂ ਦੇ 31 ਮਾਰਚ 2026 ਤੱਕ ਦੇ ਬਿਜਲੀ ਬਿੱਲ ਬਕਾਇਆ ਹਨ। ਇਸ ਸਕੀਮ ਤਹਿਤ ਬਕਾਇਆ ਬਿੱਲਾਂ ਉੱਤੇ ਲੱਗਿਆ ਸਾਰਾ ਵਿਆਜ ਅਤੇ ਜੁਰਮਾਨਾ (ਪੈਨਲਟੀ) ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ। ਖਪਤਕਾਰਾਂ ਨੂੰ ਹੁਣ ਸਿਰਫ਼ ਬਿੱਲ ਦੀ ਅਸਲ ਭਾਵ ਮੂਲ ਰਕਮ (ਪ੍ਰਿੰਸੀਪਲ ਅਮਾਊਂਟ) ਹੀ ਜਮ੍ਹਾਂ ਕਰਵਾਉਣੀ ਪਵੇਗੀ।
ਖਪਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਵੀ ਬੇਹੱਦ ਆਸਾਨ ਬਣਾਇਆ ਹੈ। ਸਕੀਮ ਅਧੀਨ, ਖਪਤਕਾਰਾਂ ਨੂੰ ਸ਼ੁਰੂਆਤੀ ਤੌਰ 'ਤੇ ਆਪਣੀ ਕੁੱਲ ਮੂਲ ਬਕਾਇਆ ਰਕਮ ਦਾ ਸਿਰਫ਼ 25 ਫੀਸਦੀ ਹਿੱਸਾ ਹੀ ਜਮ੍ਹਾਂ ਕਰਵਾਉਣਾ ਹੋਵੇਗਾ। ਬਾਕੀ ਬਚਦੀ 75 ਫੀਸਦੀ ਰਕਮ ਨੂੰ ਅਦਾ ਕਰਨ ਲਈ ਖਪਤਕਾਰਾਂ ਨੂੰ ਦੋ ਬਰਾਬਰ ਕਿਸ਼ਤਾਂ ਦੀ ਸਹੂਲਤ ਦਿੱਤੀ ਜਾਵੇਗੀ, ਜੋ ਕਿ ਛੇ-ਛੇ ਮਹੀਨਿਆਂ ਦੇ ਵਕਫ਼ੇ ਅੰਦਰ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਦਾਹਰਨ ਵਜੋਂ, ਜੇਕਰ ਕਿਸੇ ਖਪਤਕਾਰ ਵੱਲ ਇੱਕ ਲੱਖ ਰੁਪਏ ਦੀ ਮੂਲ ਰਕਮ ਬਕਾਇਆ ਹੈ, ਤਾਂ ਉਸ ਨੂੰ ਸ਼ੁਰੂ ਵਿੱਚ ਕੇਵਲ 25 ਹਜ਼ਾਰ ਰੁਪਏ ਹੀ ਦੇਣੇ ਪੈਣਗੇ ਅਤੇ ਬਾਕੀ 75 ਹਜ਼ਾਰ ਰੁਪਏ ਛੇ-ਛੇ ਮਹੀਨਿਆਂ ਬਾਅਦ ਦੋ ਕਿਸ਼ਤਾਂ ਵਿੱਚ ਅਦਾ ਕਰਨ ਦੀ ਖੁੱਲ੍ਹ ਹੋਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਲੋਕ-ਪੱਖੀ ਫੈਸਲੇ ਨਾਲ ਪੰਜਾਬ ਦੇ ਲਗਭਗ 24 ਲੱਖ 84 ਹਜ਼ਾਰ ਘਰੇਲੂ ਬਿਜਲੀ ਖਪਤਕਾਰਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ। ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਘਰੇਲੂ ਖਪਤਕਾਰਾਂ ਵੱਲ ਕੁੱਲ 2,516 ਕਰੋੜ ਰੁਪਏ ਦੀ ਰਕਮ ਬਕਾਇਆ ਖੜ੍ਹੀ ਹੈ। ਇਸ 'ਵਨ ਟਾਈਮ ਸੈਟਲਮੈਂਟ ਸਕੀਮ' ਦੇ ਲਾਗੂ ਹੋਣ ਨਾਲ ਵਿਆਜ ਅਤੇ ਜੁਰਮਾਨੇ ਦੇ ਰੂਪ ਵਿੱਚ ਖਪਤਕਾਰਾਂ ਦੇ ਲਗਭਗ 518 ਕਰੋੜ ਰੁਪਏ ਮੁਆਫ਼ ਹੋ ਜਾਣਗੇ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਲੋਕਾਂ ਲਈ ਬਹੁਤ ਵੱਡੀ ਰਾਹਤ ਸਾਬਤ ਹੋਵੇਗੀ।
- Download Babushahi App
-
-