BREAKING- ਕੇਜਰੀਵਾਲ ਨੇ ਬਿਨਾਂ ਨਾਮ ਲਏ ਮਜੀਠੀਆ ਨੂੰ ਘੇਰਿਆ; ਕਿਹਾ- ਇੱਕ ਲੀਡਰ ਜੇਲ੍ਹ ਭੇਜਿਆ ਤਾਂ ਵਿਰੋਧੀਆਂ ਨੂੰ 'ਮਨੁੱਖੀ ਅਧਿਕਾਰ' ਚੇਤੇ ਆ ਗਏ! (ਵੇਖੋ ਵੀਡੀਓ)
Babushahi Network
ਚੰਡੀਗੜ੍ਹ/ਪੰਜਾਬ, 22 ਜਨਵਰੀ 2026: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਪਿਛਲੀਆਂ ਸਰਕਾਰਾਂ ਅਤੇ ਸਾਬਕਾ ਮੰਤਰੀਆਂ ਵਿਰੁੱਧ ਜੰਮ ਕੇ ਭੜਾਸ ਕੱਢੀ। ਕੇਜਰੀਵਾਲ ਨੇ ਕਿਸੇ ਦਾ ਨਾਂ ਲਏ ਬਿਨਾਂ ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਬਕਾ ਮੰਤਰੀਆਂ ਨੂੰ ਜੇਲ੍ਹ ਪਿੱਛੇ ਸੁੱਟਿਆ, ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਚਾਨਕ 'ਮਨੁੱਖੀ ਅਧਿਕਾਰਾਂ' ਦੀ ਯਾਦ ਆਉਣ ਲੱਗ ਪਈ।
"ਪਿਛਲੀਆਂ ਸਰਕਾਰਾਂ ਖ਼ੁਦ ਨਸ਼ਾ ਵਿਕਵਾਉਂਦੀਆਂ ਰਹੀਆਂ"
ਕੇਜਰੀਵਾਲ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਮੰਤਰੀ ਖ਼ੁਦ ਨਸ਼ਾ ਤਸਕਰੀ ਦੀ ਪੁਸ਼ਤਪਨਾਹੀ ਕਰਦੇ ਸਨ। ਉਨ੍ਹਾਂ ਕਿਹਾ ਕਿ "ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖ਼ੁਦ ਨਸ਼ਾ ਵਿਕਵਾਉਂਦੇ ਸਨ, ਜਿਸ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ।" "ਸਾਡੀ ਸਰਕਾਰ ਨੇ ਆਉਂਦੇ ਹੀ ਇਨ੍ਹਾਂ ਵੱਡੇ ਮਗਰਮੱਛਾਂ 'ਤੇ ਹੱਥ ਪਾਇਆ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ।"
ਕੇਜਰੀਵਾਲ ਨੇ ਕਿਹਾ ਕਿ ਜਦੋਂ ਇੱਕ ਸਾਬਕਾ ਮੰਤਰੀ (ਇਸ਼ਾਰਾ ਮਜੀਠੀਆ ਵੱਲ) ਵਿਰੁੱਧ ਕਾਰਵਾਈ ਹੋਈ, ਤਾਂ ਕਾਂਗਰਸ, ਅਕਾਲੀ ਦਲ ਅਤੇ ਹੋਰ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਗਈਆਂ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਸਨ, ਉਦੋਂ ਇਨ੍ਹਾਂ ਨੂੰ ਕਿਸੇ ਦੇ ਮਨੁੱਖੀ ਅਧਿਕਾਰ ਕਿਉਂ ਯਾਦ ਨਹੀਂ ਆਏ?
ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਕਿੰਨਾ ਵੀ ਵੱਡਾ ਮੰਤਰੀ ਕਿਉਂ ਨਾ ਰਿਹਾ ਹੋਵੇ, ਜੇਕਰ ਉਸ ਨੇ ਪੰਜਾਬ ਨੂੰ ਲੁੱਟਿਆ ਹੈ, ਤਾਂ ਉਸ ਦੀ ਜਗ੍ਹਾ ਜੇਲ੍ਹ ਵਿੱਚ ਹੀ ਹੋਵੇਗੀ।