ਪ੍ਰਾਚੀ ਚੌਧਰੀ ਦੀ ਰਫ਼ਤਾਰ ਨੇ ਰਚਿਆ ਇਤਿਹਾਸ—400 ਮੀਟਰ ’ਚ ਕਾਂਸੀ
---53.21 ਸਕਿੰਟ ਦਾ ਸ਼ਾਨਦਾਰ ਸਮਾਂ; ਏਸ਼ਿਆਈ ਖੇਡਾਂ ਵਿੱਚ ਨਿੱਜੀ ਤੌਰ ’ਤੇ ਪਹਿਲਾ ਏਸ਼ਿਆਈ ਤਮਗਾ
ਸੁਖਮਿੰਦਰ ਭੰਗੂ
ਭਾਰਤ ਦੀ ਪ੍ਰਾਚੀ ਚੌਧਰੀ ਨੇ ਏਸ਼ਿਆਈ ਖੇਡਾਂ 2026 ਵਿੱਚ ਮਹਿਲਾਵਾਂ ਦੀ 400 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ। ਪ੍ਰਾਚੀ ਨੇ ਫਾਈਨਲ ਵਿੱਚ 53.21 ਸਕਿੰਟ ਦਾ ਸਮਾਂ ਕੱਢ ਕੇ ਤੀਜਾ ਸਥਾਨ ਹਾਸਲ ਕੀਤਾ।
ਬਹਿਰੀਨ ਦੀ ਸਲਵਾ ਨਾਸਰ ਨੇ 49.20 ਸਕਿੰਟ ਦੇ ਏਸ਼ਿਆਈ ਖੇਡਾਂ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ, ਜਦਕਿ ਇਰਾਨ ਦੀ ਜ਼ਹਰਾ ਜ਼ਰੇਈ ਮਨੂਜਾਨ 52.38 ਸਕਿੰਟ ਨਾਲ ਦੂਜੇ ਸਥਾਨ ’ਤੇ ਰਹੀ। ਭਾਰਤ ਦੀ ਦੂਜੀ ਦੌੜਾਕ ਕਿਰਨ ਪਹਿਲ 53.41 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੀ।
ਪ੍ਰਾਚੀ ਲਈ ਇਹ ਤਮਗਾ ਹੋਰ ਵੀ ਖਾਸ ਹੈ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਨਿੱਜੀ ਏਸ਼ਿਆਈ ਪੱਧਰ ਦਾ ਤਮਗਾ ਹੈ। ਇਸ ਤੋਂ ਪਹਿਲਾਂ ਉਹ ਰਿਲੇਅ ਮੁਕਾਬਲਿਆਂ ਵਿੱਚ ਭਾਰਤ ਲਈ ਤਮਗੇ ਜਿੱਤ ਚੁੱਕੀ ਹੈ। 2022 ਏਸ਼ਿਆਈ ਖੇਡਾਂ ਵਿੱਚ 4×400 ਮੀਟਰ ਰਿਲੇਅ ਦਾ ਚਾਂਦੀ ਅਤੇ 2019 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਵੀ 4×400 ਮੀਟਰ ਰਿਲੇਅ ਦਾ ਚਾਂਦੀ ਤਮਗਾ ਉਨ੍ਹਾਂ ਦੇ ਨਾਮ ਹੈ।
ਪ੍ਰਾਚੀ ਦਾ 400 ਮੀਟਰ ਵਿੱਚ ਨਿੱਜੀ ਸਰਵੋਤਮ ਸਮਾਂ 52.57 ਸਕਿੰਟ ਹੈ, ਜੋ ਉਨ੍ਹਾਂ ਨੇ 22 ਅਗਸਤ 2026 ਨੂੰ ਭੁਵਨੇਸ਼ਵਰ ਵਿੱਚ ਬਣਾਇਆ।
ਪ੍ਰਾਚੀ ਨੇ ਇਸ ਉਪਲਬਧੀ ਤੋਂ ਬਾਅਦ ਕਿਹਾ ਕਿ ਕਈ ਲੋਕ ਮੰਨਦੇ ਸਨ ਕਿ ਉਹ ਸਿਰਫ਼ ਰਿਲੇਅ ਵਿੱਚ ਹੀ ਤਮਗਾ ਜਿੱਤ ਸਕਦੀ ਹੈ, ਪਰ ਏਸ਼ਿਆਈ ਖੇਡਾਂ ਦੇ ਵਿਅਕਤੀਗਤ 400 ਮੀਟਰ ਵਿੱਚ ਕਾਂਸੀ ਜਿੱਤ ਕੇ ਉਨ੍ਹਾਂ ਨੇ ਆਪਣੀ ਸਮਰੱਥਾ ਸਾਬਤ ਕਰ ਦਿੱਤੀ।
ਹੁਣ ਪ੍ਰਾਚੀ ਦੀ ਨਜ਼ਰ ਮਹਿਲਾ 4×400 ਮੀਟਰ ਰਿਲੇਅ ’ਤੇ ਵੀ ਹੈ।
- Download Babushahi App
-
-