20 ਲੱਖ ਦੀ ਅਬਾਦੀ 'ਤੇ ਸਿਰਫ਼ 3 ਫੂਡ ਇੰਸਪੈਕਟਰ ਲੋਕਾਂ ਦੀ ਸਿਹਤ ਨਾਲ ਕੋਝਾ ਮਜ਼ਾਕ- ਐਡਵੋਕੇਟ ਪ੍ਰਭਜੀਤ ਪਾਲ ਸਿੰਘ
'ਲੋਕ ਮੰਚ' ਅਤੇ 'ਲੋਕ ਆਵਾਜ਼ ਸੰਸਥਾ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ, ਮਿਲਾਵਟਖੋਰਾਂ ਨੂੰ ਸਰਕਾਰੀ ਸ਼ਹਿ ਮਿਲਣ ਦੇ ਲਗਾਏ ਦੋਸ਼
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 09 ਅਪ੍ਰੈਲ 2026:- ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਖ਼ੁਰਾਕ ਸੁਰੱਖਿਆ (Food Safety) ਦੇ ਪ੍ਰਬੰਧਾਂ ਦੀ ਫੋਕੀ ਫੂਕ ਉਸ ਵੇਲੇ ਨਿਕਲ ਗਈ, ਜਦੋਂ ਇਹ ਤੱਥ ਸਾਹਮਣੇ ਆਇਆ ਕਿ 20 ਲੱਖ ਦੇ ਕਰੀਬ ਅਬਾਦੀ ਵਾਲੇ ਖੇਤਰਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਮਹਿਜ਼ ਤਿੰਨ ਫੂਡ ਸਪਲਾਈ ਇੰਸਪੈਕਟਰਾਂ ਦੇ ਮੋਢਿਆਂ 'ਤੇ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਸੂਬਾ ਸਰਕਾਰ ਅਤੇ ਸਬੰਧਤ ਵਿਭਾਗ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਸਥਿਤੀ ਨੂੰ ਪ੍ਰਸ਼ਾਸਨਿਕ ਢਾਂਚੇ ਦੀ ਸਭ ਤੋਂ ਵੱਡੀ ਨਾਕਾਮੀ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੀਤਾ ਜਾ ਰਿਹਾ ਖ਼ਤਰਨਾਕ ਖਿਲਵਾੜ ਕਰਾਰ ਦਿੱਤਾ ਹੈ।
ਇੰਸਪੈਕਟਰਾਂ ਦੀ ਕਮੀ ਜਾਂ ਮਿਲਾਵਟਖੋਰਾਂ ਨੂੰ ਖੁੱਲ੍ਹੀ ਛੁੱਟੀ...? ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਅੰਕੜਿਆਂ ਸਹਿਤ ਦੱਸਿਆ ਕਿ ਜਿਸ ਸ਼ਹਿਰ ਵਿੱਚ ਰੋਜ਼ਾਨਾ ਲੱਖਾਂ ਲੀਟਰ ਦੁੱਧ ਦੀ ਖਪਤ ਹੁੰਦੀ ਹੋਵੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਟਲ, ਰੈਸਟੋਰੈਂਟ, ਮਠਿਆਈਆਂ ਦੀਆਂ ਦੁਕਾਨਾਂ ਅਤੇ ਰੇੜ੍ਹੀ-ਫੜ੍ਹੀ ਵਾਲੇ ਕੰਮ ਕਰ ਰਹੇ ਹੋਣ, ਉੱਥੇ ਸਿਰਫ਼ ਤਿੰਨ ਅਧਿਕਾਰੀ ਕਿਸ ਤਰ੍ਹਾਂ ਜਾਂਚ ਕਰ ਸਕਦੇ ਹਨ? ਉਨ੍ਹਾਂ ਕਿਹਾ, "ਇੱਕ ਇੰਸਪੈਕਟਰ ਦੇ ਹਿੱਸੇ 6 ਲੱਖ ਤੋਂ ਵੱਧ ਦੀ ਅਬਾਦੀ ਆਉਂਦੀ ਹੈ। ਕੀ ਇਹ ਸੰਭਵ ਹੈ ਕਿ ਉਹ ਮਹੀਨੇ ਵਿੱਚ ਇੱਕ ਵਾਰ ਵੀ ਹਰ ਇਲਾਕੇ ਦੀ ਚੈਕਿੰਗ ਕਰ ਸਕੇ? ਇਹ ਸਥਿਤੀ ਸਿੱਧੇ ਤੌਰ 'ਤੇ ਮਿਲਾਵਟਖੋਰਾਂ ਨੂੰ ਉਤਸਾਹਿਤ ਕਰ ਰਹੀ ਹੈ।”
ਲੋਕ ਮੰਚ ਅਤੇ ਲੋਕ ਆਵਾਜ਼ ਸੰਸਥਾ ਵੱਲੋਂ ਜ਼ੋਰਦਾਰ ਹਮਾਇਤ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਵੱਲੋਂ ਚੁੱਕੇ ਗਏ ਇਸ ਮੁੱਦੇ ਦੀ 'ਲੋਕ ਮੰਚ' ਅਤੇ 'ਲੋਕ ਆਵਾਜ਼' ਸੰਸਥਾ ਦੇ ਆਗੂਆਂ ਨੇ ਪੁਰਜ਼ੋਰ ਹਮਾਇਤ ਕੀਤੀ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਅੱਜ ਬਾਜ਼ਾਰਾਂ ਵਿੱਚ ਨਕਲੀ ਪਨੀਰ, ਸਿੰਥੈਟਿਕ ਦੁੱਧ ਅਤੇ ਘਟੀਆ ਦਰਜੇ ਦੇ ਮਸਾਲਿਆਂ ਦੀ ਭਰਮਾਰ ਹੈ, ਜਿਸ ਕਾਰਨ ਕੈਂਸਰ ਅਤੇ ਲਿਵਰ ਵਰਗੀਆਂ ਨਾਮੁਰਾਦ ਬਿਮਾਰੀਆ ਘਰ ਘਰ ਪਹੁੰਚ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਦੀ ਕਮੀ ਦਾ ਬਹਾਨਾ ਬਣਾ ਕੇ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ।
ਖ਼ੁਰਾਕ ਸੁਰੱਖਿਆ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਸੰਸਥਾਵਾਂ ਨੇ ਦਾਅਵਾ ਕੀਤਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਚੈਕਿੰਗ ਸਿਰਫ਼ ਤਿਉਹਾਰਾਂ ਦੇ ਦਿਨਾਂ ਵਿੱਚ ਦਿਖਾਵੇ ਵਜੋਂ ਕੀਤੀ ਜਾਂਦੀ ਹੈ। ਬਾਕੀ ਸਾਰਾ ਸਾਲ ਮਿਲਾਵਟਖੋਰ ਬੇਖੌਫ ਹੋ ਕੇ ਆਪਣਾ ਧੰਦਾ ਚਲਾਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਖ਼ੁਰਾਕ ਸੁਰੱਖਿਆ ਕਾਨੂੰਨ (FSSAI) ਦੀਆਂ ਧਾਰਾਵਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਹਰ ਵਾਰਡ ਪੱਧਰ 'ਤੇ ਇੱਕ ਨਿਗਰਾਨ ਕਮੇਟੀ ਬਣਾਈ ਜਾਵੇ।
Click to Follow Babushahi Facebook page →