ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਵੱਡੀ ਕਾਰਵਾਈ
ਅੰਮ੍ਰਿਤਸਰ: ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਸ਼ਹਿਰ ਦੀਆਂ ਹੱਦਾਂ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਗਈ। ਇਹ ਸਾਂਝਾ ਆਪ੍ਰੇਸ਼ਨ ਕਮਿਸ਼ਨਰ ਸਾਹਿਬ (CMC) ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ (IAS) ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਛਮੀ ਜ਼ੋਨ ਦੇ ਖੇਤਰ ਵਿੱਚ ਪੈਂਦੀ ਵਾਰਡ ਨੰਬਰ 71 ਦੇ ਗੁਰੂ ਨਾਨਕਪੁਰਾ ਅਤੇ ਵਾਰਡ ਨੰਬਰ 72 ਦੇ ਪ੍ਰੇਮ ਨਗਰ ਵਿੱਚ ਗੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਲਈ ਚਲਾਇਆ ਗਿਆ।
ਇਸ ਕਾਰਵਾਈ ਵਿੱਚ ਡਿਊਟੀ ਮੈਜਿਸਟ੍ਰੇਟ ਸ਼੍ਰੀ ਅੰਗਦ ਸਿੰਘ, ਸਿਹਤ ਵਿਭਾਗ ਦੀ ਪੱਛਮੀ ਜੋਨ ਟੀਮ, ਕੇਟਲ ਇੰਪੌਂਡ ਟੀਮ, ਨਗਰ ਨਿਗਮ ਪੁਲਿਸ ਫੋਰਸ ਅਤੇ ਸੀ.ਪੀ. ਪੁਲਿਸ ਦੀ ਸਾਂਝੀ ਟੀਮ ਨੇ ਹਿੱਸਾ ਲਿਆ। ਇਸ ਮੌਕੇ 8 ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਜਬਤ ਕੀਤੇ ਗਏ ਪਸ਼ੂਆਂ ਨੂੰ ਸ਼ਿਫਟ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ। ਕਾਰਵਾਈ ਦੌਰਾਨ ਪਸ਼ੂ ਡੇਅਰੀ ਮਾਲਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ, ਪਰ ਟੀਮ ਨੇ ਆਪਣੀ ਡਿਊਟੀ 'ਤੇ ਡਟੇ ਰਹਿੰਦਿਆਂ ਕੰਮ ਜਾਰੀ ਰੱਖਿਆ ਅਤੇ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।
ਇਸ ਤੋਂ ਬਾਅਦ ਨਗਰ ਨਿਗਮ ਟੀਮ ਦੁਆਰਾ ਸ਼ਹਿਰ ਦੇ ਬਾਕੀ ਪਸ਼ੂ ਡੇਅਰੀ ਮਾਲਕਾਂ ਨੂੰ ਅਪੀਲ ਤੇ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਪੱਕੇ ਤੌਰ 'ਤੇ ਬਾਹਰ ਲੈ ਜਾਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੂਰੇ ਸ਼ਹਿਰ ਵਿੱਚੋਂ ਗੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਜੇਕਰ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਾ ਲਿਜਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਸ਼ੂ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਸ਼ੂ ਜ਼ਬਤ ਕਰ ਲਏ ਜਾਣਗੇ।
ਇਸ ਮੌਕੇ ਡਾਕਟਰ ਰਮਾ (ਸਿਹਤ ਅਫ਼ਸਰ), ਸ਼੍ਰੀ ਸਰਬਜੀਤ ਸਿੰਘ (CSI), ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਬ੍ਰਹਮਦਾਸ, ਸ਼੍ਰੀ ਸ਼ਾਮ ਸਿੰਘ, ਸ਼੍ਰੀ ਅਸ਼ੋਕ ਕੁਮਾਰ (ਸੈਨੇਟਰੀ ਇੰਸਪੈਕਟਰ) ਅਤੇ ਸੁਪਰਵਾਈਜ਼ਰ ਸਟਾਫ਼ ਆਦਿ ਹਾਜ਼ਰ ਸਨ।
- Download Babushahi App
-
-