ਸੰਗਰੂਰ ਰੈਲੀ ਹਿਲਾਏਗੀ ਮਾਨ ਸਰਕਾਰ ਦੀਆਂ ਜੜਾਂ : ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵੱਡਾ ਦਾਅਵਾ
ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਕੀਤਾ ਬੇੜਾ ਗਰਕ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2026 : ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਆਉਣ ਵਾਲੀ ਇਨਸਾਫ ਰੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਾਤਮੇ ਦਾ ਮੁਢ ਬੰਨ੍ਹੇਗੀ। ਅੱਜ ਬਠਿੰਡਾ ਵਿਖੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਮੌਜੂਦਗੀ ਵਿੱਚ ਰੈਲੀ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਇਸ ਅਹਿਮ ਸਮਾਗਮ ਲਈ ਕਾਂਗਰਸੀ ਵਰਕਰਾਂ, ਪੰਜਾਬੀਆਂ ਅਤੇ ਖਾਸ ਕਰਕੇ ਵਪਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਜਵਾ ਨੇ ਦੇਸ਼ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਯਾਦ ਆ ਰਹੀਆਂ ਪਰ 50 ਕਿਲੋਮੀਟਰ ਦੇ ਬੀਐਸਐਫ ਦੇ ਏਰੀਏ ਤਹਿਤ ਗਵਾਂਢੀ ਦੇਸ਼ਾਂ ਤੋਂ ਹੋ ਰਹੀ ਸਮਗਲਿੰਗ ਅਤੇ ਗੁਜਰਾਤ ਦੀ ਬੰਦਰਗਾਹ ਤੇ ਆ ਰਹੇ ਹਜ਼ਾਰਾਂ ਟਨ ਨਸ਼ੇ ਨੂੰ ਦਿਖਾਈ ਕਿਉਂ ਨਹੀਂ ਦੇ ਰਹੇ ਹਨ।
ਉਨ੍ਹਾਂ ਅਮਿਤ ਸ਼ਾਹ ਨੂੰ ਪਹਿਲਾਂ ਦੇਸ਼ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਅਤੇ ਫਿਰ ਆਉਂਦੀਆਂ ਵਿਧਾਨ ਸਭਾ ਵਿੱਚ ਚੋਣਾਂ ਨੂੰ ਲੈ ਕੇ ਸਿਆਸਤ ਕਰਨ ਦੀ ਨਸੀਹਤ ਵੀ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਚਿੱਟੇ ਦੀ ਹੋਂਦ ਹੋਈ ਫਿਰ ਹੁਣ ਨਸ਼ਿਆਂ ਦੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਹਨ । ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਉਥੇ ਹੀ ਵੋਟ ਚੋਰੀ ਮਾਮਲੇ ਤੇ ਵੀ ਦੇਸ਼ ਵਾਸੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ। ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਅਤੇ ਨਸ਼ਿਆਂ ਖਿਲਾਫ ਬੋਲਣ ਵਾਲਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲ ਵਜੋਂ ਕਾਂਗਰਸ ਨੂੰ ਦੇਖ ਰਹੇ ਹਨ ਅਤੇ ਆਉਣ ਵਾਲੀ ਚਾਰ ਤਰੀਕ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਪੰਜਾਬ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਦੋਵਾਂ ਜ਼ਿਲ੍ਹਾ ਪ੍ਰਧਾਨਾਂ ਨੇ ਸੰਗਰੂਰ ਰੈਲੀ ਲਈ ਵੱਧ ਤੋਂ ਵੱਧ ਵਰਕਰ ਲਜਾਣ ਦੀ ਹਾਮੀ ਭਰੀ ਅਤੇ ਭਰੋਸਾ ਦਵਾਇਆ ਕਿ ਉਹ ਇਸ ਸਿਆਸੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ , ਸਾਬਕਾ ਵਿਧਾਇਕ ਰੂਪਿੰਦਰ ਕੌਰ ਰੂਬੀ,ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਟਹਿਲ ਸਿੰਘ ਸੰਧੂ, ਕੇਕੇ ਅਗਰਵਾਲ, ਅਸ਼ੋਕ ਕੁਮਾਰ, ਕਿਰਨਜੀਤ ਸਿੰਘ ਗਹਿਰੀ, ਅੰਮ੍ਰਿਤਾ ਗਿੱਲ ਸਮੇਤ ਵੱਖ-ਵੱਖ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
- Download Babushahi App
-
-