ਸੋਸਾਇਟੀ ਕਰ ਰਹੀ ਵਿਦਿਆਰਥੀਆਂ ਨੂੰ ਧਾਰਮਿਕ ਵਿਰਸੇ ਅਤੇ ਗੁਰੂਆਂ ਦੀ ਬਾਣੀ ਨਾਲ ਜੋੜਨ ਦੀ ਕਵਾਇਦ
ਸੋਸਾਇਟੀ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ
ਜਿਲਾ ਗੁਰਦਾਸਪੁਰ ਦੇ ਬੇਟ ਖੇਤਰ ਦੇ ਪਿੰਡ ਭੂੰਡੇਵਾਲ ਵਿੱਚ ਕੁਝ ਉਦਮੀ ਗੁਰਸਿੱਖਾਂ ਅਤੇ ਇਲਾਕੇ ਦੇ ਗੁਰਮਤਿ ਨਾਲ ਜੁੜੇ ਹੋਏ ਅਧਿਆਪਕ ਸਾਥੀਆਂ ਵੱਲੋਂ ਲਗਭਗ 30 ਤੋਂ ਵੱਧ ਪਿੰਡਾਂ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਨਿਰੰਤਰ ਉਹਨਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਸੇਵਾ ਸੋਸਾਇਟੀ ਨਾਲ ਜੁੜੇ ਹੋਏ ਵਿਦਿਆਰਥੀਆਂ ਦੇ ਗੁਰਮਤਿ ਅਤੇ ਇਤਿਹਾਸ ਦੇ ਇਮਤਿਹਾਨ ਵੀ ਲਏ ਜਾਂਦੇ ਹਨ। ਇਸੇ ਪ੍ਰੋਗਰਾਮ ਤਹਿਤ ਮਾਤਾ ਸਾਹਿਬ ਕੌਰ ਸਿਵਿਲ ਸੁਸਾਇਟੀ ਵੱਲੋਂ ਹਰ ਹਫਤੇ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਅਤੇ ਗੁਰਬਾਣੀ ਪੜ੍ਹਨ ਤੋਂ ਇਲਾਵਾ ਸਿੱਖ ਇਤਿਹਾਸ ਸਬੰਧੀ ਮੁਕਾਬਲੇ ਕਰਵਾਏ ਗਏ।
ਮਾਤਾ ਸਾਹਿਬ ਕੌਰ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਉਹਨ੍ਾਂ ਨੇ ਇਹ ਬੱਚਿਆਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਸ ਉਪਰਾਲੇ ਨੂੰ ਕਾਫੀ ਸਫਲਤਾ ਮਿਲੀ ਹੈ। ਇਹਨਾਂ ਪ੍ਰਬੰਧਕਾਂ ਨੇ ਸਮੂਹ ਗੁਰਸਿੱਖ ਸੁਸਾਇਟੀਆਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਇਸ ਉਪਰਾਲੇ ਵਿੱਚ ਬਣਦੀ ਮਦਦ ਦਿੱਤੀ ਜਾਵੇ। ਇਸ ਮੌਕੇ ਇਹਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਬਲਕਾਰ ਸਿੰਘ ਤੋਂ ਇਲਾਵਾ ਅਧਿਆਪਕਾ ਕੁਲਵੰਤ ਕੌਰ ਰਾਜਵਿੰਦਰ ਕੌਰ ਨਿਸ਼ਾ ਕੌਰ ਕੋਮਲਪ੍ਰੀਤ ਕੌਰ ਜਸਪ੍ਰੀਤ ਕੌਰ ਵੱਲੋਂ ਵੀ ਇਸ ਸੇਵਾ ਸੋਸਾਇਟੀ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਬੱਚਿਆਂ ਨੂੰ ਅੱਜ ਦੇ ਮੁਕਾਬਲੇ ਦੇ ਯੋਗ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਅਤੇ ਸੇਵਾਦਾਰਾਂ ਨੂੰ ਸੁਸਾਇਟੀ ਵੱਲੋਂ ਬਣਦਾ ਮਿਹਨਤਾਨਾਂ ਵੀ ਅਤੇ ਭੇਟਾਂ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਮੈਡੀਕਲ ਕੈਂਪ ਵਿੱਚ ਮੁਫਤ ਇਲਾਜ ਵੀ ਕੀਤਾ ਗਿਆ।