ਸਿਵਲ ਹਸਪਤਾਲ ਚੋਂ ਏਸੀ ਸਮੇਤ ਵੱਖ ਵੱਖ ਤਰ੍ਹਾਂ ਦਾ ਸਮਾਨ ਚੋਰੀ ਕਰਨ ਮਾਮਲੇ ਵਿੱਚ ਔਰਤ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2026; ਸਿਵਲ ਹਸਪਤਾਲ ਬਠਿੰਡਾ ਤੋਂ ਏਅਰ ਕੰਡੀਸ਼ਨਰ (AC), ਸੁਣਨ ਵਾਲੇ ਯੰਤਰ (ਹੀਅਰਿੰਗ ਏਡਜ਼) ਅਤੇ ਮੁੱਖ ਇਲੈਕਟ੍ਰਿਕ ਪਲੇਟਾਂ ਦੀਆਂ ਤਾਰਾਂ ਚੋਰੀ ਹੋਣ ਦੇ ਮਾਮਲੇ ਵਿੱਚ ਥਾਣਾ ਕੋਤਵਾਲੀ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕਰ ਲਿਆ ਹੈ।ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਹਸਪਤਾਲ ਪਰਿਸਰ ਵਿੱਚੋਂ AC ਤੋਂ ਇਲਾਵਾ ਕੀਮਤੀ ਸੁਣਨ ਵਾਲੇ ਯੰਤਰਾਂ ਅਤੇ ਮੁੱਖ ਇਲੈਕਟ੍ਰਿਕ ਪਲੇਟਾਂ ਦੀਆਂ ਤਾਰਾਂ ਚੋਰੀ ਹੋ ਗਈਆਂ ਹਨ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਪੁਲਿਸ ਨੇ 25 ਸਤੰਬਰ 2026 ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 303(2) ਤਹਿਤ ਮੁਕੱਦਮਾ ਨੰਬਰ 213 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦੋ ਔਰਤਾਂ ਹੁਸ਼ਿਆਰਪੁਰ ਵਾਸੀ ਨੇਹਾ ਅਤੇ ਬਠਿੰਡਾ ਵਾਸੀ ਜੋਤੀ ਰਾਣੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਲਜ਼ਮ ਨਾਮਜ਼ਦ ਕੀਤਾ।ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਔਰਤ ਨੇਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਗਿਆ ਏਅਰ ਕੰਡੀਸ਼ਨਰ (AC) ਬਰਾਮਦ ਕਰ ਲਿਆ ਹੈ।
ਮਾਮਲੇ ਦੀ ਦੂਜੀ ਮੁਲਜ਼ਮ ਜੋਤੀ ਰਾਣੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮ ਜੋਤੀ ਰਾਣੀ ਨੂੰ ਕਾਬੂ ਕਰਨ ਲਈ ਸੰਭਾਵਿਤ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- Download Babushahi App
-
-