ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਲਈ ਜੀਵਨ ਪ੍ਰਮਾਣ ਪੱਤਰ ਸਬੰਧੀ ਵਿਸ਼ੇਸ਼ ਕੈਂਪ 3 ਤੋਂ 17 ਨਵੰਬਰ ਤੱਕ
 
ਰੋਹਿਤ ਗੁਪਤਾ 
ਗੁਰਦਾਸਪੁਰ, 31 ਅਕਤੂਬਰ  ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਗੁਰਦਾਸਪੁਰ ਨੇ ਦੱਸਿਆ ਕਿ ਆਰਮੀ, ਨੇਵੀ ਅਤੇ ਏਅਰ ਫੋਰਸ ਤੋਂ ਰਿਟਾਇਰ ਹੋਏ ਸਾਬਕਾ ਸੈਨਿਕ ਅਤੇ ਸੈਨਿਕਾਂ ਦੇ ਪ੍ਰੀਵਾਰ ਜੋ ਪੈਨਸ਼ਨ ਲੈ ਰਹੇ ਹਨ, ਉਨ੍ਹਾਂ ਨੂੰ ਹਰ ਸਾਲ ਨਵੰਬਰ ਮਹੀਨੇ ਵਿੱਚ ਆਪਣਾ ਜੀਵਨ ਪ੍ਰਮਾਣ ਪੱਤਰ ਸਪਰਸ਼ ਪੋਰਟਲ ‘ਤੇ ਅਪਲੋਡ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਬਹੁਤ ਸਾਰੇ ਬਜ਼ੁਰਗ ਸੈਨਿਕ ਹਨ ਜੋ ਤਕਨਾਲੋਜੀ ਦੀ ਵਰਤੋਂ ਨਾਲ ਅਣਜਾਣ ਹਨ।
 
ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਗੁਰਦਾਸਪੁਰ ਵੱਲੋਂ 03 ਨਵੰਬਰ ਤੋਂ 17 ਨਵੰਬਰ 2025 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਪਰਸ਼ ਪ੍ਰਣਾਲੀ ਰਾਹੀਂ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
 
ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਦਾ ਜੀਵਨ ਪ੍ਰਮਾਣ ਪੱਤਰ ਨਵੰਬਰ ਮਹੀਨੇ ਵਿੱਚ ਸਪਰਸ਼ ਪੋਰਟਲ ਰਾਹੀਂ ਅਪਲੋਡ ਹੋਣਾ ਹੈ, ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।
 
ਇਸ ਤੋਂ ਇਲਾਵਾ, ਕੋਈ ਵੀ ਅਜਿਹਾ ਸਾਬਕਾ ਸੈਨਿਕ ਜਾਂ ਉਨ੍ਹਾਂ ਦਾ ਪਰਿਵਾਰ, ਜੋ ਸਪਰਸ਼ ਪ੍ਰਣਾਲੀ ਰਾਹੀਂ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਸਪਰਸ਼ ਪ੍ਰਣਾਲੀ ਤੋਂ ਨਵੇਂ ਪੀ.ਪੀ.ਓ ਦੀ ਕਾਪੀ ਕਢਵਾਉਣੀ ਹੈ, ਉਹ ਵੀ ਇਸ ਕੈਂਪ ਦੌਰਾਨ ਆਪਣਾ ਕੰਮ ਕਰਵਾ ਸਕਦੇ ਹਨ।
 
ਉਨ੍ਹਾਂ ਕਿਹਾ ਕਿ ਉਪਰੋਕਤ ਸਾਰਾ ਕੰਮ ਨਿਸ਼ੁਲਕ ਕੀਤਾ ਜਾਵੇਗਾ ਅਤੇ ਇਸ ਲਈ ਕੋਈ ਵੀ ਫੀਸ ਆਦਿ ਨਹੀਂ ਲਈ ਜਾਵੇਗੀ।