ਗਮਗੀਨ ਮਾਹੌਲ 'ਚ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ ਸ਼ਹੀਦ ਜੋਬਨਜੀਤ ਸਿੰਘ ਦਾ ਅੰਤਿਮ ਸੰਸਕਾਰ
ਮਾਂ ਪਿਓ, ਰਿਸ਼ਤੇਦਾਰ ਸਾਕ ਸੰਬੰਧੀਆਂ ਨੇ ਜੈਕਾਰਿਆਂ ਨੇ ਨਾਲ ਜੋਬਨਜੀਤ ਸਿੰਘ ਨੂੰ ਘਰ ਤੋਂ ਦਿੱਤੀ ਅੰਤਿਮ ਵਿਦਾਈ
ਮਨਪ੍ਰੀਤ ਸਿੰਘ
ਰੂਪਨਗਰ 24 ਜਨਵਰੀ 2026- ਬੀਤੇ ਦਿਨੀ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦੇਸ਼ ਦੇ 10 ਬਹਾਦੁਰ ਵੀਰ ਜਵਾਨ ਸ਼ਹੀਦ ਹੋ ਗਏ ਸਨ ਇਸ ਹਾਦਸੇ ਵਿੱਚ ਰੂਪਨਗਰ ਦੀ ਗੋਬਿੰਦ ਵੈਲੀ ਚ ਰਹਿੰਦੇ ਨੂਰਪੁਰ ਬੇਦੀ ਦੇ ਚਨੋਲੀ ਪਿੰਡ ਦਾ ਨੌਜਵਾਨ ਫੌਜੀ ਜਵਾਨ ਜੋਬਨਜੀਤ ਸਿੰਘ ਵੀ ਸ਼ਹੀਦ ਹੋ ਗਿਆ ਸੀ। ਜਿਸਦਾ ਅੱਜ ਰੂਪਨਗਰ ਦੇ ਸ਼ਮਸ਼ਾਨਘਾਟ ਵਿਖੇ ਹਜਾਰਾਂ ਸੇਜਲ ਅੱਖਾਂ ਦੇ ਨਾਲ ਬਹੁਤ ਹੀ ਗਮਗੀਨ ਮਾਹੌਲ ਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਬਹਾਦਰ ਪੁੱਤਰ ਦੇ ਬਹਾਦਰ ਪਿਤਾ ਸੁਬੇਦਾਰ ਮੇਜਰ ਬਲਵੀਰ ਸਿੰਘ, 56 ਆਰਮਡ ਰੈਜੀਮੈਂਟ ਦਾ ਰਿਟਾਇਰਡ ਜੇਸੀਓ ਨੇ ਆਪਣੀ ਫੌਜੀ ਯੂਨੀਫਾਰਮ ਪਹਿਨ ਕੇ ਆਪਣੇ ਪੁੱਤਰ ਸੋਵਾਰ ਜੋਬਨਜੀਤ ਸਿੰਘ (8 ਕੈਵਲਰੀ) ਨੂੰ ਅੰਤਿਮ ਵਿਦਾਈ ਦਿੱਤੀ।
ਇਸ ਮੌਕੇ ਬਹਾਦਰ ਪਿਓ ਨੇ ਸ਼ੇਰ ਜਿਗਰੇ ਨਾਲ ਆਖਿਆ “ਸ਼ੇਰ ਸੀ, ਸ਼ੇਰ ਨੂੰ ਲੈ ਗਏ।” ਇਸ ਮੌਕੇ ਸ਼ਹੀਦ ਜੋਬਨਜੀਤ ਸਿੰਘ ਦੇ ਘਰ ਵਿੱਖੇ ਵੀ ਬਹੁਤ ਗਮਗੀਨ ਮਾਹੌਲ ਚ ਓਸ ਦੇ ਮਾਤਾ ਤੇ ਹੋਰ ਸਾਕ ਸੰਬੰਧੀਆਂ ਤੇ ਹਜਾਰਾਂ ਸੇਜਲ ਅੱਖੀਆਂ ਨੇ ਜੈਕਾਰਿਆਂ ਦੀ ਗੂਜ ਨਾਲ ਸ਼ਹੀਦ ਜੋਬਨਜੀਤ ਸਿੰਘ ਨੂੰ ਘਰ ਤੋਂ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਜਿਥੇ ਪ੍ਰਸ਼ਾਸਨਿਕ ਅਧਿਕਾਰੀਆਂ , ਫੌਜ ਦੇ ਜਵਾਨ, ਸਾਬਕਾ ਫੌਜੀਆਂ ਨੇ ਸ਼ਹੀਦ ਜੋਬਨਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਓਥੇ ਹੀ ਇਸ ਮੌਕੇ ਏ ਡੀ ਸੀ ਅਭਿਸ਼ੇਕ ਗੁਪਤਾ, ਤਹਿਸੀਲਦਾਰ ਰੂਪਨਗਰ, ਡੀ ਐਪ ਪੀ ਤਰਲੋਚਨ ਸਿੰਘ, ਐਸ ਐਚ ਓ ਪਵਨ ਕੁਮਾਰ, ਧਾਰਮਿਕ, ਰਾਜਨੀਤਿਕ ਤੇ ਸ਼ਖਸੀਅਤਾਂ ਨੇ ਵੀ ਆਪਣੀ ਹਾਜਰੀ ਲਗਵਾਈ। ਇਸ ਮੌਕੇ ਸ਼ਹੀਦ ਜੋਬਨਜੀਤ ਸਿੰਘ ਦੇ ਪਿੰਡ ਚਨੌਲੀ , ਨੂਰਪੁਰ ਬੇਦੀ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਚ ਹਾਜ਼ਰ ਸਨ।