ਸਰੀਰ ਦੀ ਰੋਧਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਐਚ.ਆਈ.ਵੀ. ਵਾਇਰਸ: ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 1 ਦਸੰਬਰ 2028 : ਸਿਵਲ ਸਰਜਨ ਡਾ: ਤਪਿੰਦਰਜੋਤ ਦੀਆਂ ਹਦਾਇਤਾਂ ਮੁਤਾਬਿਕ ਬਲਾਕ ਗੋਨਿਆਣਾ ਦੇ ਵੱਖ—ਵੱਖ ਕੇਂਦਰਾਂ ਵਿੱਚ ਵਿਸ਼ਵ ਏਡਜ਼ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਇੱਕ ਸਮਾਗਮ ਸਥਾਨਕ ਪੀ.ਐਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਐਚ.ਆਈ.ਵੀ. ਵਾਇਰਸ ਸਰੀਰ ਦੀ ਰੋਧਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਏਡਜ਼ ਤੋਂ ਬਚਾਅ ਸਿਰਫ਼ ਜਾਗਰੂਕਤਾ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਸਰਿੰਜਾਂ ਦੀ ਸਾਂਝੀ ਵਰਤੋਂ, ਦੂਸ਼ਿਤ ਖੂਨ ਦੀ ਵਰਤੋਂ, ਏਡਜ਼ ਗ੍ਰਸਤ ਮਾਂ ਤੋਂ ਪੈਦਾ ਹੋਣ ਵਾਲੇ ਬੱਚੇ, ਦੁੱਧ ਪੀਂਦੇ ਬੱਚੇ ਜਾਂ ਗ੍ਰਸਤ ਵਿਅਕਤੀ ਨਾਲ ਅਸੁਰੱਖਿਤ ਸੈਕਸ ਕਰਨ ਨਾਲ ਫੈਲਦਾ ਹੈ।
ਇਸ ਮੌਕੇ ਬੋਲਦਿਆਂ ਆਈ.ਸੀ.ਟੀ.ਸੀ. ਕਾਊਂਸਲਰ ਜਗਦੀਸ਼ ਕੌਰ ਨੇ ਕਿਹਾ ਕਿ ਵਾਇਰਸ ਦੇ ਮੁਢਲੇ ਲੱਛਣ ਵਿੱਚ ਤਿੰਨ ਤੋਂ ਛੇ ਹਫ਼ਤੇ ਤੱਕ ਬੁਖਾਰ ਰਹਿਣਾ, ਭਾਰ ਦਾ ਤੇਜੀ ਨਾਲ ਘਟਨਾ, ਬਿਨਾਂ ਕਿਸੇ ਕਾਰਨ ਸਿਰ ਦਰਦ ਹੋਣਾ, ਟੱਟੀਆਂ—ਉਲਟੀਆਂ ਲੱਗਣੀਆਂ ਅਤੇ ਜੁਕਾਮ ਰਹਿਣਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦਾ ਇਮੀਊਨ ਸਿਸਟਮ ਤਕੜਾ ਹੁੰਦਾ ਹੈ, ਉਨ੍ਹਾਂ ਵਿੱਚ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲਦਾ।ਉਨ੍ਹਾਂ ਕਿਹਾ ਕਿ ਏਡਜ਼ ਗ੍ਰਸਤ ਵਿਅਕਤੀ ਨੂੰ ਪੂਰੀ ਉਮਰ ਗੋਲੀ ਖਾਣੀ ਪੈਂਦੀ ਹੈ ਜਿਸ ਦੀ ਬਦੌਲਤ ਉਸ ਦੀ ਜਿੰਦਗੀ ਬਚ ਸਕਦੀ ਹੈ।ਉਨ੍ਹਾਂ ਕਿਹਾ ਕਿ ਏਡਜ਼ ਦਾ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਰਾਣੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।