ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਹਾਦਸਾ, ਸਾਰੇ ਬੱਚੇ ਸੁਰੱਖਿਅਤ
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਤੁਰੰਤ ਹਸਪਤਾਲ ਪਹੁੰਚ ਕੇ ਜਾਣਿਆ ਬੱਚਿਆਂ ਦਾ ਹਾਲ
ਪੁਲਿਸ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼
ਹੁਸ਼ਿਆਰਪੁਰ, 22 ਮਈ : ਸਥਾਨਕ ਦੋਸੜਕਾ-ਸ਼ਾਮਚੁਰਾਸੀ ਰੋਡ ‘ਤੇ ਅੱਜ ਦੁਪਹਿਰ ਸਮੇਂ ਟਿੱਪਰ ਅਤੇ ਸਕੂਲੀ ਵਿਦਿਆਰਥੀਆਂ ਦੀ ਬੱਸ ਵਿਚਾਲੇ ਹੋਏ ਹਾਦਸੇ ਤੋਂ ਤੁਰੰਤ ਬਾਅਦ ਪੰਜਾਬ ਦੇ ਜੇਲਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਖੁੱਦ ਬੱਚਿਆਂ ਦਾ ਚੈਕਅੱਪ ਕਰਨ ਦੇ ਨਾਲ-ਨਾਲ ਸੁੱਖ-ਸਾਂਦ ਦੀ ਜਾਣਕਾਰੀ ਲੈਂਦਿਆਂ ਮੁੱਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ।
ਜੇਲਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਹਾਦਸੇ ਬਾਰੇ ਪਤਾ ਲੱਗਦੇ ਸਾਰ ਹੀ ਡਾਕਟਰਾਂ ਦੀ ਟੀਮ ਨੂੰ ਤੁਰੰਤ ਇਲਾਜ ਲਈ ਕਿਹਾ ਗਿਆ ਅਤੇ ਮੌਜੂਦਾ ਸਮੇਂ ਬੱਸ ਡਰਾਈਵਰ ਅਤੇ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਕੁਝ ਬੱਚਿਆਂ ਨੂੰ ਮੁੱਢਲੇ ਇਲਾਜ ਉਪਰੰਤ ਸੀ.ਐਸ.ਸੀ. ਸ਼ਾਮਚੁਰਾਸੀ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 4 ਬੱਚਿਆਂ ਦੇ ਮਾਮੂਲੀ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਜਿਥੇ ਉਨ੍ਹਾਂ ਦਾ ਲੋੜੀਂਦਾ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਦਾਖਲ ਬੱਚਿਆਂ ਦੀ ਸਕੈਨ ਕਰਨ ਉਪਰੰਤ ਰਿਪੋਰਟ ਆਉਣ ‘ਤੇ ਉਨ੍ਹਾਂ ਨੂੰ ਲੋੜੀਂਦੇ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ ਤਾਂ ਜੋ ਕੋਈ ਭਵਿੱਖ ਵਿਚ ਅਜਿਹੀ ਲਾਪ੍ਰਵਾਹੀ ਨਾ ਕਰੇ। ਜ਼ਿਕਰਯੋਗ ਹੈ ਕਿ ਇਹ ਹਾਦਸਾ ਟਿੱਪਰ ਅਤੇ ਸਨਵੈਲੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥੀਆਂ ਵਾਲੀ ਬੱਸ ਵਿਚਾਲੇ ਵਾਪਰਿਆ।
- Download Babushahi App
-
-