ਵੱਡੀ ਖ਼ਬਰ: ਭਾਖੜਾ ਨਹਿਰ 'ਚੋਂ 26 ਸਾਲ ਬਾਅਦ ਨਿਕਲੀ ਓਮਨੀ ਵੈਨ; ਸਾਲ 2000 ਵਿੱਚ ਡੁੱਬਿਆ ਸੀ ਕੋਟਲਾ ਪਿੰਡ ਦਾ ਇੱਕੋ ਪਰਿਵਾਰ
ਕੀਰਤਪੁਰ ਸਾਹਿਬ ਦੇ ਪਿੰਡ ਕੋਟਲਾ ਦੇ 4 ਜੀਅ ਵੈਨ ਸਮੇਤ ਨਹਿਰ 'ਚ ਹੋਏ ਸਨ ਲਾਪਤਾ
ਮਸ਼ਹੂਰ ਗੋਤਾਖੋਰ ਕਮਲਪ੍ਰੀਤ ਸੈਣੀ ਨੇ ਨਹਿਰ ਦੀ ਡੂੰਘਾਈ 'ਚੋਂ ਲੱਭੀ ਬੁਰੀ ਤਰ੍ਹਾਂ ਨੁਕਸਾਨੀ ਵੈਨ
ਵਿਆਹ ਸਮਾਗਮ ਤੋਂ ਪਰਤਦਿਆਂ ਵਾਪਰਿਆ ਸੀ ਭਾਣਾ; 26 ਸਾਲਾਂ ਬਾਅਦ ਖੁੱਲ੍ਹਿਆ ਰਾਜ਼
Babushahi Network
ਕੀਰਤਪੁਰ ਸਾਹਿਬ, 20 ਮਈ 2026: ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕੋਟਲਾ ਨਾਲ ਸਬੰਧਿਤ 26 ਸਾਲ ਪੁਰਾਣੇ ਇੱਕ ਬਹੁਤ ਹੀ ਦੁਖਦਾਈ ਅਤੇ ਰਹੱਸਮਈ ਮਾਮਲੇ ਵਿੱਚ ਅੱਜ ਉਸ ਸਮੇਂ ਵੱਡਾ ਖ਼ੁਲਾਸਾ ਹੋਇਆ, ਜਦੋਂ ਭਾਖੜਾ ਨਹਿਰ 'ਚੋਂ ਇੱਕ ਓਮਨੀ ਵੈਨ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਹ ਉਹ ਬਦਕਿਸਮਤ ਵੈਨ ਹੈ, ਜਿਸ ਵਿੱਚ ਸਾਲ 2000 ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ (ਤਿੰਨ ਵਿਅਕਤੀ ਅਤੇ ਇੱਕ ਬੱਚਾ) ਨਹਿਰ ਵਿੱਚ ਸਮਾ ਗਏ ਸਨ ਅਤੇ ਉਦੋਂ ਤੋਂ ਹੀ ਲਾਪਤਾ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੋਂ 26 ਸਾਲ ਪਹਿਲਾਂ ਸਾਲ 2000 ਵਿੱਚ ਥਾਣਾ ਕੀਰਤਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਕੋਟਲਾ ਦਾ ਇਹ ਪਰਿਵਾਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਖੁਸ਼ੀ-ਖੁਸ਼ੀ ਆਪਣੀ ਮਾਰੂਤੀ ਓਮਨੀ ਵੈਨ ਰਾਹੀਂ ਪਿੰਡ ਪਰਤ ਰਿਹਾ ਸੀ। ਇਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਉਸ ਸਮੇਂ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਲਾਸ਼ਾਂ ਅਤੇ ਗੱਡੀ ਨੂੰ ਲੱਭਣ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ। ਇੱਥੋਂ ਤੱਕ ਕਿ ਇਲਾਕੇ ਦੇ ਲੋਕਾਂ ਨੇ ਦੋ ਤੋਂ ਢਾਈ ਲੱਖ ਰੁਪਏ ਇਕੱਠੇ ਕਰਕੇ ਵਿਸ਼ੇਸ਼ ਗੋਤਾਖੋਰਾਂ ਦੀਆਂ ਟੀਮਾਂ ਵੀ ਬੁਲਾਈਆਂ ਸਨ, ਪਰ ਨਹਿਰ ਦੇ ਤੇਜ਼ ਵਹਾਅ ਕਾਰਨ ਉਦੋਂ ਕੁਝ ਵੀ ਹੱਥ ਨਹੀਂ ਸੀ ਲੱਗ ਸਕਿਆ ਅਤੇ ਪਰਿਵਾਰ ਦਾ ਕੋਈ ਥਹੁ-ਪਤਾ ਨਹੀਂ ਚੱਲਿਆ ਸੀ।
ਹਾਲ ਹੀ ਵਿੱਚ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਗੋਤਾਖੋਰ ਕਮਲਪ੍ਰੀਤ ਸੈਣੀ ਭਾਖੜਾ ਨਹਿਰ ਵਿੱਚ ਕਿਸੇ ਹੋਰ ਵਿਅਕਤੀ ਦੀ ਲਾਸ਼ ਦੀ ਭਾਲ ਕਰ ਰਹੇ ਸਨ। ਇਸੇ ਖੋਜ ਦੌਰਾਨ ਉਨ੍ਹਾਂ ਨੂੰ ਨਹਿਰ ਦੀ ਅਥਾਹ ਡੂੰਘਾਈ ਵਿੱਚ ਇੱਕ ਕਾਰ ਫਸੀ ਹੋਈ ਦਿਖਾਈ ਦਿੱਤੀ। ਕਮਲਪ੍ਰੀਤ ਸੈਣੀ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਨਹਿਰ ਦੇ ਅੰਦਰ ਹੀ ਉਸ ਕਾਰ ਨੂੰ ਮਜ਼ਬੂਤ ਰੱਸਿਆਂ ਨਾਲ ਬੰਨ੍ਹ ਦਿੱਤਾ ਤਾਂ ਜੋ ਉਹ ਵਹਾਅ ਵਿੱਚ ਅੱਗੇ ਨਾ ਨਿਕਲ ਜਾਵੇ।
ਅੱਜ ਸਥਾਨਕ ਪ੍ਰਸ਼ਾਸਨ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਦੀ ਮਦਦ ਨਾਲ ਰੱਸਿਆਂ ਦੇ ਸਹਾਰੇ ਇਸ ਓਮਨੀ ਵੈਨ ਨੂੰ ਸਖ਼ਤ ਮੁਸ਼ੱਕਤ ਤੋਂ ਬਾਅਦ ਨਹਿਰ 'ਚੋਂ ਬਾਹਰ ਖਿੱਚਿਆ ਗਿਆ। ਵੈਨ ਨੂੰ ਦੇਖ ਕੇ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ। ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਅਤੇ ਲੰਬਾ ਸਮਾਂ ਲੰਘ ਜਾਣ ਕਾਰਨ ਓਮਨੀ ਵੈਨ ਦੀ ਪਿਛਲੀ ਸੀਟ ਅਤੇ ਛੱਤ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਨੁਕਸਾਨਿਆ ਗਿਆ ਹੈ। 26 ਸਾਲਾਂ ਬਾਅਦ ਨਹਿਰ 'ਚੋਂ ਨਿਕਲੀ ਇਸ ਗੱਡੀ ਨੇ ਜਿੱਥੇ ਪੁਰਾਣੇ ਜ਼ਖਮਾਂ ਨੂੰ ਹਰਾ ਕਰ ਦਿੱਤਾ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਇਹ ਘਟਨਾ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
- Download Babushahi App
-
-