ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ 'ਚ "G-Ram-G" ਵਿਰੁੱਧ ਮਤਾ ਪੇਸ਼; ਮੰਤਰੀ ਸੌਂਦ ਨੇ ਕੇਂਦਰ 'ਤੇ ਸਾਧੇ ਤਿੱਖੇ ਨਿਸ਼ਾਨੇ
Babushahi Network
ਚੰਡੀਗੜ੍ਹ, 30 ਦਸੰਬਰ 2025: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਇੱਕ ਅਹਿਮ ਮੋੜ ਆਇਆ ਜਦੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੇਂਦਰ ਸਰਕਾਰ ਦੇ "G-Ram-G" (ਜੀ ਰਾਮ ਜੀ) ਸਿਸਟਮ ਵਿਰੁੱਧ ਰਸਮੀ ਮਤਾ ਪੇਸ਼ ਕੀਤਾ। ਇਸ ਮਤੇ ਰਾਹੀਂ ਪੰਜਾਬ ਸਰਕਾਰ ਨੇ ਮਨਰੇਗਾ ਸਕੀਮ ਵਿੱਚ ਕੇਂਦਰ ਵੱਲੋਂ ਕੀਤੇ ਜਾ ਰਹੇ ਬਦਲਾਅ ਨੂੰ ਗਰੀਬ ਮਾਰੂ ਕਰਾਰ ਦਿੱਤਾ ਹੈ। ਮੰਤਰੀ ਸੌਂਦ ਨੇ ਸਦਨ ਵਿੱਚ ਮੰਗ ਕੀਤੀ ਕਿ "G-Ram-G" ਕਾਨੂੰਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਤਾਂ ਜੋ ਗਰੀਬ ਮਜ਼ਦੂਰਾਂ ਨੂੰ ਇਨਸਾਫ਼ ਮਿਲ ਸਕੇ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਅਜਿਹੇ ਗੁੰਝਲਦਾਰ ਨਿਯਮ ਲਿਆ ਕੇ ਮਨਰੇਗਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਗਰੀਬਾਂ ਦੇ ਮੂੰਹੋਂ ਰੋਟੀ ਖੋਹਣ ਦਾ ਕੰਮ ਕਰ ਰਹੀ ਹੈ। ਮੰਤਰੀ ਸੌਂਦ ਨੇ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ "G-Ram-G" ਦੇ ਮੁੱਦੇ 'ਤੇ ਪੂਰੀ ਤਰ੍ਹਾਂ ਚੁੱਪ ਹੈ, ਜਿਸ ਦਾ ਮੁੱਖ ਕਾਰਨ ਭਾਜਪਾ ਨਾਲ ਉਨ੍ਹਾਂ ਦਾ ਹੋਣ ਵਾਲਾ ਸੰਭਾਵੀ ਸਿਆਸੀ ਗਠਜੋੜ ਹੈ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਪੰਜਾਬ ਦੇ ਗਰੀਬਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਆਪਣੀ ਸਿਆਸਤ ਨੂੰ ਪਹਿਲ ਦੇ ਰਿਹਾ ਹੈ। ਮਨਰੇਗਾ ਦੇ ਮੁੱਦੇ 'ਤੇ ਕਾਂਗਰਸ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸੌਂਦ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸੀ ਆਗੂ ਇਸ ਵਿਸ਼ੇਸ਼ ਸੈਸ਼ਨ ਨੂੰ 'ਪੈਸੇ ਦੀ ਬਰਬਾਦੀ' ਦੱਸ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗਰੀਬ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲਈ ਸੈਸ਼ਨ ਬੁਲਾਉਣਾ ਪੈਸੇ ਦੀ ਬਰਬਾਦੀ ਹੈ, ਤਾਂ ਕਾਂਗਰਸ ਕਿਸ ਦੇ ਹੱਕ ਵਿੱਚ ਖੜ੍ਹੀ ਹੈ? ਵਿਧਾਨ ਸਭਾ ਵਿੱਚ ਇਸ ਮਤੇ 'ਤੇ ਚਰਚਾ ਦੌਰਾਨ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਨੋਕ-ਝੋਕ ਜਾਰੀ ਹੈ।