ਵਿਰਾਸਤੀ ਖੇਡਾਂ ਨੂੰ ਸੰਭਾਲਣਾ ਸਾਡੀ ਸਭਨਾਂ ਦੀ ਨੈਤਿਕ ਜ਼ਿੰਮੇਵਾਰੀ : ਵਿਧਾਇਕ ਕੁਲਵੰਤ ਸਿੰਘ
9ਵੀਂ ਨੈਸ਼ਨਲ ਸੀਨੀਅਰ ਗੱਤਕਾ ਚੈਂਪੀਅਨਸ਼ਿਪ–2025 ਵਿੱਚ ਜੇਤੂਆਂ ਨੂੰ ਇਨਾਮ ਵੰਡੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਦਸੰਬਰ:
ਵਿਧਾਇਕ ਕੁਲਵੰਤ ਸਿੰਘ ਨੇ ਗੁਰਦੁਆਰਾ ਸ੍ਰੀ ਰਤਵਾੜਾ ਸਾਹਿਬ, ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ 9ਵੀਂ ਨੈਸ਼ਨਲ ਸੀਨੀਅਰ ਗੱਤਕਾ ਚੈਂਪੀਅਨਸ਼ਿਪ–2025 ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਕਿਹਾ ਕਿ ਵਿਰਾਸਤ ਨਾਲ ਜੁੜੀਆਂ ਖੇਡਾਂ ਨੂੰ ਸੰਭਾਲਣਾ ਅਤੇ ਅੱਗੇ ਵਧਾਉਣਾ ਸਾਡੀ ਸਭਨਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੱਤਕੇ ਵਰਗੀ ਵਿਰਾਸਤੀ ਖੇਡ ਤਾਂ ਹੀ ਜਿਉਂਦੀ ਰਹਿ ਸਕਦੀ ਹੈ ਜਦੋਂ ਸਮਾਜ ਦੇ ਹਰ ਵਰਗ ਵੱਲੋਂ ਇਸਨੂੰ ਦੇਖਣ, ਸਿੱਖਣ ਅਤੇ ਆਯੋਜਨ ਕਰਨ ਲਈ ਮੌਕੇ ਉਪਲਬਧ ਕਰਵਾਏ ਜਾਣ।
ਉਨ੍ਹਾਂ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੱਤਕਾ ਚੈਂਪੀਅਨਸ਼ਿਪ, ਜਿਸ ਵਿੱਚ ਦੇਸ਼ ਦੇ 20 ਸੂਬਿਆਂ ਤੋਂ ਗੱਤਕਾ ਖਿਡਾਰੀਆਂ ਨੇ ਭਾਗ ਲਿਆ, ਦੇ ਜੇਤੂਆਂ ਨੂੰ ਇਨਾਮ ਵੀ ਵੰਡੇ।
ਉਨ੍ਹਾਂ ਨੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜੋੜਦੇ ਹਨ। ਵਿਧਾਇਕ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਗੱਤਕਾ ਪ੍ਰੇਮੀਆਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਲੋਕ ਅੱਜ ਵੀ ਆਪਣੀ ਵਿਰਾਸਤ ਨਾਲ ਜੁੜੇ ਹੋਏ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਸੂਬੇ ਵਿੱਚ ਖੇਡਾਂ ਲਈ ਸਾਜ਼ਗਾਰ ਮਾਹੌਲ ਬਣਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਿਹਤ, ਰੋਜ਼ਗਾਰ ਅਤੇ ਲੋਕ-ਭਲਾਈ ਨਾਲ ਜੁੜੀਆਂ ਯੋਜਨਾਵਾਂ ਨੂੰ ਵੀ ਜ਼ਮੀਨੀ ਪੱਧਰ ‘ਤੇ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਇਸ ਮੌਕੇ ਬਾਬਾ ਲਖਬੀਰ ਸਿੰਘ (ਚੇਅਰਮੈਨ, ਵਿਸ਼ਵ ਗੁਰਮਤ ਰੂਹਾਨੀ ਚੈਰੀਟੇਬਲ ਟਰਸਟ ਰਤਵਾੜਾ ਸਾਹਿਬ) ਅਤੇ ਐਕਟਿਵ ਪ੍ਰੈਜ਼ੀਡੈਂਟ, ਗੱਤਕਾ ਫੈਡਰੇਸ਼ਨ ਆਫ ਇੰਡੀਆ ਰਾਜਿੰਦਰ ਸਿੰਘ ਸੋਹਲ ਸਮੇਤ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।