ਵਿਧਾਇਕਾ ਨੀਨਾ ਮਿੱਤਲ ਦੇ ਯਤਨਾਂ ਸਦਕਾ ਬਨੂੰੜ ਨੂੰ ਮਿਲਿਆ ਸਬ ਡਵੀਜ਼ਨ ਦਾ ਦਰਜਾ
-ਬਨੂੰੜ ਦੇ ਚਾਲੀ ਪਿੰਡਾਂ ਨੂੰ ਮਿਲਿਆ ਵੱਡਾ ਪ੍ਰਸ਼ਾਸਕੀ ਤੋਹਫ਼ਾ
-ਬਨੂੰੜ ਸ਼ਹਿਰ ਦੇ ਪਿੰਡਾਂ ਦੇ ਵਸਨੀਕਾਂ ਨੇ ਇਸ ਇਤਿਹਾਸਕ ਫ਼ੈਸਲੇ ਲਈ ਸ੍ਰ ਭਗਵੰਤ ਸਿੰਘ ਮਾਨ ਅਤੇ ਨੀਨਾ ਮਿੱਤਲ ਕੀਤਾ ਦਾ ਧੰਨਵਾਦ
-ਬਨੂੰੜ ਸਬ ਡਵੀਜ਼ਨ ਬਣਨ ਨਾਲ ਇਲਾਕੇ ਦੇ ਲੋਕਾਂ ਦੇ ਪ੍ਰਸ਼ਾਸਕੀ ਅਤੇ ਹੋਰ ਸਰਕਾਰੀ ਕੰਮਾਂ ਹੋਣਗੇ ਸਮਾਂਬੱਧ: ਨੀਨਾ ਮਿੱਤਲ
ਰਾਜਪੁਰਾ/ਬਨੂੰੜ, 29 ਦਸੰਬਰ (ਕੁਲਵੰਤ ਸਿੰਘ ਬੱਬੂ): ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ-ਹਿਤੈਸ਼ੀ ਫ਼ੈਸਲਿਆਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਹਲਕਾ ਰਾਜਪੁਰਾ ਅਧੀਨ ਪੈਂਦੇ ਕਸਬਾ ਬਨੂੰੜ ਨੂੰ ਸਬ ਤਹਿਸੀਲ ਤੋਂ ਅਪਗ੍ਰੇਡ ਕਰਕੇ ਸਬ ਡਵੀਜ਼ਨ ਬਣਾਉਣ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ। ਇਸ ਮਹੱਤਵਪੂਰਨ ਉਪਲਬਧੀ ਦਾ ਸਿਹਰਾ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵਿਸ਼ੇਸ਼ ਅਤੇ ਲਗਾਤਾਰ ਯਤਨਾਂ ਨੂੰ ਜਾਂਦਾ ਹੈ।
ਇਸ ਫ਼ੈਸਲੇ ਨਾਲ ਬਨੂੰੜ ਸ਼ਹਿਰ ਸਮੇਤ ਨੇੜਲੇ ਕਰੀਬ 40 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਸਬ ਡਵੀਜ਼ਨ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਕੀ ਅਤੇ ਹੋਰ ਸਰਕਾਰੀ ਕੰਮਾਂ ਲਈ ਮੁਹਾਲੀ ਜਾਂ ਰਾਜਪੁਰਾ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖਰਚ ਦੋਵੇਂ ਬਚਣਗੇ। ਬਨੂੰੜ ਸਬ ਡਵੀਜ਼ਨ ਵਿੱਚ ਦੋ ਕਾਨੂਨਗੋ ਸਰਕਲ ਅਤੇ 14 ਪਟਵਾਰ ਸਰਕਲ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਪ੍ਰਸ਼ਾਸਨਿਕ ਕੰਮਕਾਜ ਹੋਰ ਵੀ ਸੁਚੱਜਾ ਅਤੇ ਤੇਜ਼ ਹੋਵੇਗਾ।
ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਪਾਰਟੀ ਦਫਤਰ ਬਨੂੰੜ ਵਾਸੀਆਂ ਅਤੇ ਪਾਰਟੀ ਵਲੰਟੀਅਰਾ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਨੂੰੜ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਕਸਬਾ ਬਨੂੰੜ ਨੂੰ ਪਹਿਲ ਦੇ ਆਧਾਰ ’ਤੇ ਸਬ ਡਵੀਜ਼ਨ ਦਾ ਦਰਜਾ ਦਿਵਾਇਆ ਜਾਵੇਗਾ ਅਤੇ ਅੱਜ ਇਹ ਵਾਅਦਾ ਪੂਰਾ ਹੋਣ ’ਤੇ ਉਨ੍ਹਾਂ ਨੂੰ ਖ਼ਾਸ ਤਸੱਲੀ ਮਿਲੀ ਹੈ। ਉਨ੍ਹਾਂ ਕਿਹਾ ਕਿ ਬਨੂੰੜ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਇਹ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਸੀ, ਜੋ ਹੁਣ ਮਾਨ ਸਰਕਾਰ ਦੀ ਸੂਝਬੂਝ ਅਤੇ ਲੋਕਾਂ ਪ੍ਰਤੀ ਵਚਨਬੱਧਤਾ ਨਾਲ ਸਾਕਾਰ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਬਣਨ ਨਾਲ ਇਲਾਕੇ ਵਿੱਚ ਸਰਕਾਰੀ ਦਫ਼ਤਰਾਂ ਦੀ ਸਥਾਪਨਾ ਹੋਵੇਗੀ, ਜਿਸ ਨਾਲ ਨਾ ਸਿਰਫ਼ ਪ੍ਰਸ਼ਾਸਕੀ ਸੁਵਿਧਾਵਾਂ ਨੇੜੇ ਮਿਲਣਗੀਆਂ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਪਹਿਲਾਂ ਹੀ ਯੋਗਤਾ ਦੇ ਆਧਾਰ ’ਤੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ ਅਤੇ ਬਨੂੰੜ ਸਬ ਡਵੀਜ਼ਨ ਬਣਨ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੀ ਵੱਖ-ਵੱਖ ਵਿਭਾਗਾਂ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ।
ਬਨੂੰੜ ਸ਼ਹਿਰ ਅਤੇ ਚਾਲੀ ਪਿੰਡਾਂ ਦੇ ਵਸਨੀਕਾਂ ਨੇ ਇਸ ਇਤਿਹਾਸਕ ਫ਼ੈਸਲੇ ਲਈ ਵਿਧਾਇਕਾ ਨੀਨਾ ਮਿੱਤਲ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਇਹ ਫ਼ੈਸਲਾ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਸਰਕਾਰੀ ਸਹੂਲਤਾਂ ਸਮੇਂ-ਸਿਰ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਮਿਲਣਗੀਆਂ।ਇਸ ਇਤਿਹਾਸਕ ਫੈਸਲੇ ਨੂੰ ਅਮਲੀ ਰੂਪ ਦਿਵਾਉਣ ਲਈ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦਾ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਧੰਨਵਾਦ ਕੀਤਾ।