ਰੇਤ ਮਾਫੀਆ ਦੀ ਕਥਿਤ ਸਰਗਰਮੀ ਬੇਰੋਕ ਜਾਰੀ- ਸਿੱਧਵਾਂ ਬੇਟ-ਕਿਸ਼ਨਪੁਰਾ ਰੋਡ 'ਤੇ ਬਣਿਆ ਰੇਤ ਦਾ ਗੈਰ-ਕਾਨੂੰਨੀ ਡੰਪ
ਮਾਈਨਿੰਗ ਵਿਭਾਗ ਬੇਵੱਸ, ਪੁਲਿਸ ਚੁੱਪ; ਕਈ ਮਹੀਨੇ ਪੁਰਾਣੀ ਸ਼ਿਕਾਇਤ ਅਜੇ ਤੱਕ ਲਟਕਦੀ
ਜਗਰਾਉਂ (ਦੀਪਕ ਜੈਨ )ਸਿੱਧਵਾਂ ਬੇਟ-ਕਿਸ਼ਨਪੁਰਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਅੱਬੂਪੁਰਾ ਨੇੜੇ ਪ੍ਰਸ਼ਾਸਨਿਕ ਢਿੱਲਮੱਠ ਅਤੇ ਰੇਤ ਮਾਫੀਆ ਦੀ ਕਥਿਤ ਮਿਲੀਭੁਗਤ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੜਕ ਕੰਢੇ ਇੱਕ ਖੇਤ ਵਿੱਚ ਤਕਰੀਬਨ 60 ਤੋਂ 70 ਟਿੱਪਰ ਰੇਤ ਦਾ ਇੱਕ ਵਿਸ਼ਾਲ ਗੈਰ-ਕਾਨੂੰਨੀ ਡੰਪ ਮੌਜੂਦ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਈਨਿੰਗ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਇਸ ਬਾਰੇ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ, ਦੋਸ਼ੀਆਂ ਖਿਲਾਫ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਦੌਰਾਨ, ਸੂਤਰਾਂ ਦਾ ਦਾਅਵਾ ਹੈ ਕਿ ਇਸ ਡੰਪ ਵਿੱਚੋਂ ਰਾਤ ਦੇ ਹਨੇਰੇ ਵਿੱਚ ਲਗਾਤਾਰ ਰੇਤ ਚੋਰੀ ਕਰਕੇ ਮਹਿੰਗੇ ਭਾਅ 'ਤੇ ਵੇਚੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਪਿੰਡ ਅੱਬੂਪੁਰਾ ਨੇੜੇ ਇਹ ਗੈਰ-ਕਾਨੂੰਨੀ ਡੰਪ ਪਿਛਲੇ ਕਈ ਮਹੀਨਿਆਂ ਤੋਂ ਮੌਜੂਦ ਹੈ, ਪਰ ਪ੍ਰਸ਼ਾਸਨ ਇਸ ਤੋਂ ਲਗਭਗ ਅੱਖਾਂ ਮੀਟੀ ਬੈਠਾ ਸੀ। ਜਦੋਂ ਇਸ ਮਾਮਲੇ ਨੇ ਮੁੜ ਤੂਲ ਫੜਿਆ ਤਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਹੈ। ਮਾਈਨਿੰਗ ਵਿਭਾਗ ਦੇ ਐਸਡੀਓ ਬਿਨਵੰਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਗੈਰ-ਕਾਨੂੰਨੀ ਡੰਪ ਸਬੰਧੀ ਉਨ੍ਹਾਂ ਵੱਲੋਂ ਕਰੀਬ ਪੰਜ ਮਹੀਨੇ ਪਹਿਲਾਂ ਹੀ ਸਿੱਧਵਾਂ ਬੇਟ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਸੰਭਾਵਨਾ ਜਤਾਈ ਕਿ ਇਹ ਰੇਤ ਉਸ ਸਮੇਂ ਡੰਪ ਕੀਤੀ ਗਈ ਹੋ ਸਕਦੀ ਹੈ ਜਦੋਂ ਖੱਡਾਂ ਸਰਕਾਰੀ ਤੌਰ 'ਤੇ ਚੱਲ ਰਹੀਆਂ ਸਨ ਅਤੇ ਕਿਸੇ ਪੁਰਾਣੇ ਠੇਕੇਦਾਰ ਵੱਲੋਂ ਇਹ ਕੰਮ ਕੀਤਾ ਗਿਆ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਰੇਤ ਡੰਪ ਕਰਨ ਦੀ ਕੋਈ ਅਧਿਕਾਰਤ ਆਗਿਆ ਨਹੀਂ ਸੀ। ਐਸਡੀਓ ਨੇ ਵਿਭਾਗ ਦੀ ਮਜਬੂਰੀ ਦੱਸਦਿਆਂ ਕਿਹਾ ਕਿ ਵਿਭਾਗ ਕੋਲ ਰੇਤ ਆਦਿ ਜ਼ਬਤ ਕਰਕੇ ਰੱਖਣ ਲਈ ਆਪਣੀ ਕੋਈ ਥਾਂ ਨਾ ਹੋਣ ਕਾਰਨ ਕਾਰਵਾਈ ਲਈ ਪੁਲਿਸ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਦੂਜੇ ਪਾਸੇ, ਥਾਣਾ ਸਿੱਧਵਾਂ ਬੇਟ ਦੇ ਨਵ-ਨਿਯੁਕਤ ਐਸਐਚਓ, ਇੰਸਪੈਕਟਰ ਹਮਰਾਜ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਗਿੱਦੜਵਿੰਡੀ ਪੁਲਿਸ ਚੌਂਕੀ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਤਾਇਨਾਤੀ ਤੋਂ ਪਹਿਲਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਪਿਛਲੇ ਸਮੇਂ ਦੌਰਾਨ ਕਾਰਵਾਈ ਕਿਉਂ ਨਹੀਂ ਹੋਈ।ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਵੱਡੇ ਸਵਾਲ
ਇਹ ਪੂਰਾ ਮਾਮਲਾ ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਮਾਈਨਿੰਗ ਵਿਭਾਗ ਅਤੇ ਨਾ ਹੀ ਪੁਲਿਸ ਇਹ ਪਤਾ ਲਗਾ ਸਕੀ ਹੈ ਕਿ ਇਹ ਰੇਤ ਕਿਸ ਦੀ ਹੈ, ਕਿਸ ਨੇ ਇੱਥੇ ਡੰਪ ਕੀਤੀ ਅਤੇ ਹੁਣ ਇਸ ਨੂੰ ਕੌਣ ਚੋਰੀ ਕਰ ਰਿਹਾ ਹੈ। ਇੱਥੋਂ ਤੱਕ ਕਿ ਜਿਸ ਜ਼ਮੀਨ 'ਤੇ ਇਹ ਡੰਪ ਕੀਤਾ ਗਿਆ ਹੈ, ਉਸ ਦੇ ਮਾਲਕ ਦਾ ਪਤਾ ਲਗਾਉਣ ਵਿੱਚ ਵੀ ਪ੍ਰਸ਼ਾਸਨ ਅਸਫਲ ਰਿਹਾ ਹੈ। ਇਸ ਦੌਰਾਨ ਸਥਾਨਕ ਐਸਡੀਐਮ ਵੱਲੋਂ ਮਿਲੀ ਰਿਪੋਰਟ ਦੇ ਆਧਾਰ 'ਤੇ ਹੁਣ ਰਾਤ ਸਮੇਂ ਨਿਗਰਾਨੀ ਲਈ ਅਧਿਕਾਰੀਆਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਗਏ ਹਨ, ਪਰ ਸਵਾਲ ਇਹ ਹੈ ਕਿ ਜੋ ਕੰਮ ਪੰਜ ਮਹੀਨਿਆਂ ਵਿੱਚ ਨਹੀਂ ਹੋ ਸਕਿਆ, ਉਹ ਹੁਣ ਕਦੋਂ ਸਿਰੇ ਚੜ੍ਹੇਗਾ ਅਤੇ ਕੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਮਾਫੀਆ ਦੇ ਮੈਂਬਰਾਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਵੇਗਾ?
Click to Follow Babushahi Facebook page →