ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਤਿੰਨ ਰੋਜ਼ਾ ਵਿਰਾਸਤੀ ਤੀਆਂ ਦਾ ਮੇਲਾ 31 ਜੁਲਾਈ ਤੋਂ
ਅਸ਼ੋਕ ਵਰਮਾ
ਬਠਿੰਡਾ 30ਜੁਲਾਈ 2026: ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19ਵਾਂ ਵਿਰਾਸਤੀ ਤੀਆਂ ਦਾ ਮੇਲਾ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਤਿੰਨ ਦਿਨ 31 ਜੁਲਾਈ ,1 ਅਤੇ 2ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਤੀਆਂ ਦੀ ਤਿਆਰੀ ਸਬੰਧੀ ਸੰਸਥਾ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਵੀ ਸੰਸਥਾ ਵੱਲੋਂ ਪਿੰਡ ਜੈਪਾਲ ਗੜ ਵਿਖੇ ਤਿੰਨ ਰੋਜ਼ਾ ਤੀਆਂ ਲਗਾਈਆਂ ਜਾਣਗੀਆਂ। ਇਹ ਤੀਆਂ ਨਰੋਲ ਪੇਂਡੂ ਮਾਹੌਲ ਵਿੱਚ ਪੁਰਾਣੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਹਨ, ਇਹਨਾਂ ਤੀਆਂ ਵਿੱਚ ਕਿਸੇ ਵੀ ਪੱਛਮੀ ਸੱਭਿਆਚਾਰ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ, ਨਾ ਹੀ ਕਿਸੇ ਤਰ੍ਹਾਂ ਦਾ ਡੀਜੇ ਵਜਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਤੀਆਂ ਰੋਜ ਸ਼ਾਮ 4 ਤੋਂ 7 ਵਜੇ ਤੱਕ ਨਰੋਲ ਪੇਂਡੂ ਮਾਹੌਲ ਵਿੱਚ ਹੁੰਦੀਆਂ ਹਨ, ਕਿਸੇ ਵੀ ਕਿਸਮ ਦੀ ਕੋਈ ਵੀ ਐਂਟਰੀ ਫੀਸ ਵੀ ਨਹੀਂ ਲਈ ਜਾਂਦੀ, ਮੇਲੇ ਵਿੱਚ ਸ਼ਾਮਿਲ ਹੋਣ ਵਾਲੀਆਂ ਬੀਬੀਆਂ ਭੈਣਾਂ ਖੁਦ ਬੋਲੀਆਂ ਪਾ ਕੇ ਤੀਆਂ ਦਾ ਆਨੰਦ ਲੈਂਦੀਆਂ ਹਨ ।ਸੰਸਥਾ ਵੱਲੋਂ ਆਏ ਹੋਏ ਹਰ ਹਾਜ਼ਰੀਨ ਦੀ ਸਾਵਣ ਮਹੀਨੇ ਦੀ ਪੁਰਾਣੀ ਰਵਾਇਤ ਅਨੁਸਾਰ ਗੁਲਗਲਿਆਂ ਅਤੇ ਚਾਹ ਪਾਣੀ ਨਾਲ ਸੇਵਾ ਕੀਤੀ ਜਾਂਦੀ ਹੈ। ਸਾਰੇ ਸਮਾਗਮ ਦਾ ਪ੍ਰਬੰਧ ਸੰਸਥਾ ਦੀਆਂ ਮਹਿਲਾ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ। ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨਿਪਰੇ ਚਾੜਨ ਲਈ ਮਹਿਲਾ ਮੈਂਬਰਾਂ ਦੀ ਪ੍ਰਬੰਧਕ ਕਮੇਟੀ ਵੀ ਗਠਨ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਸੰਸਥਾ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਗਰੇਵਾਲ ਨੇ ਕੀਤਾ। ਇਸ ਮੌਕੇ ਫਾਊਂਡੇਸ਼ਨ ਨਾਲ ਸੰਬੰਧਿਤ ਮਹਿਲਾ ਮੈਂਬਰ ਅਤੇ ਹੋਰ ਆਗੂ ਹਾਜ਼ਰ ਸਨ ।
- Download Babushahi App
-
-