ਮਜ਼ਦੂਰ ਸੰਘਰਸ਼ ਕਮੇਟੀ ਦਾ ਦਿੱਲੀ ਕੂਚ: ਤਲਵੰਡੀ ਸੋਭਾ ਸਿੰਘ ਤੋਂ ਵੱਡਾ ਜੱਥਾ ਰਵਾਨਾ, ਸਰਕਾਰਾਂ ਵਿਰੁੱਧ ਨਾਅਰੇਬਾਜ਼ੀ
Baljit Singh
ਤਰਨ ਤਾਰਨ / ਪੱਟੀ, 20 ਜੁਲਾਈ (2026): ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਵਿਰੁੱਧ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (KMSC) ਦੇ 'ਦੇਸ਼ ਬਚਾਓ ਮੋਰਚਾ - ਦਿੱਲੀ ਚਲੋ' ਦੇ ਸੱਦੇ 'ਤੇ ਅੱਜ ਤਰਨ ਤਾਰਨ ਦੇ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਇਆ। ਜ਼ੋਨ ਬਾਬਾ ਆਤਮਾ ਰਾਮ ਜੀ ਤਲਵੰਡੀ ਸੋਭਾ ਸਿੰਘ ਵੱਲੋਂ ਰਵਾਨਾ ਕੀਤੇ ਗਏ ਇਸ ਜੱਥੇ ਦੀ ਅਗਵਾਈ ਜ਼ੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਸਕੱਤਰ ਜਸਵੰਤ ਸਿੰਘ ਰਾਜੋਕੇ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਚੀਮਾ ਅਤੇ ਹਰਪਾਲ ਸਿੰਘ ਭੂਰਾ ਕੋਹਨਾ ਨੇ ਕੀਤੀ। ਦਿੱਲੀ ਰਵਾਨਾ ਹੁੰਦੇ ਸਮੇਂ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਜ਼ੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਕਿਸਾਨ ਆਗੂ ਗੁਰਮੀਤ ਸਿੰਘ ਅਤੇ ਸਰਵਣ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਕੀਤਾ ਸਮਝੌਤਾ ਤੁਰੰਤ ਰੱਦ ਨਾ ਕੀਤਾ, ਤਾਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਤਿੱਖੇ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦੀਆਂ ਨੂੰ ਸੜਕਾਂ 'ਤੇ ਉੱਤਰ ਕੇ ਵੱਡੇ ਅੰਦੋਲਨ ਦਾ ਐਲਾਨ ਕਰਨਾ ਪਿਆ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪ੍ਰਧਾਨ, ਸਕੱਤਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਸਮਰਥਕ ਹਾਜ਼ਰ ਸਨ।
- Download Babushahi App
-
-