ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
ਅਸ਼ੋਕ ਵਰਮਾ
ਫਿਰੋਜ਼ਪੁਰ, 18 ਅਕਤੂਬਰ 2025 :ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਮਾਰੇ ਕਿਸਾਨਾਂ ਮਜ਼ਦੂਰਾਂ ਦੀ ਸਹਾਇਤਾ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਅੱਜ ਫਿਰੋਜ਼ਪੁਰ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਕਿਸਾਨਾਂ ਨੂੰ ਕਣਕ ਬੀਜਣ ਲਈ ਬੀਜ, ਖਾਦ ਅਤੇ ਡੀਜ਼ਲ ਦੀ ਸਹਾਇਤਾ ਮੁਹੱਈਆ ਕਰਵਾਈ ਗਈ। ਕੱਲ੍ਹ 17 ਅਕਤੂਬਰ ਦੀ ਰਾਤ ਨੂੰ ਹੀ ਜਥੇਬੰਦੀ ਦਾ ਵੱਡਾ ਕਾਫ਼ਲਾ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਪਹੁੰਚ ਗਿਆ ਸੀ ਜਿਸ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਤੋਂ ਇਲਾਵਾ ਮਾਨਸਾ, ਬਰਨਾਲਾ, ਮੋਹਾਲੀ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕਿਸਾਨ ਆਗੂ ਵੀ ਸ਼ਾਮਲ ਸਨ। ਜਥੇਬੰਦੀ ਵੱਲੋਂ ਅੱਜ ਪੱਲ੍ਹਾ ਮੇਘਾ, ਪ੍ਰੀਤਮ ਸਿੰਘ ਵਾਲਾ, ਅੱਛੇ ਵਾਲਾ, ਦਰਵੇਸੇ਼ ਵਾਲਾ ਅਤੇ ਭੰਮਾਂ ਦੇ ਕਿਸਾਨਾਂ ਮਜ਼ਦੂਰਾਂ ਨੂੰ 200 ਬੋਰੀਆਂ ਡੀਏਪੀ ਖਾਦ, 200 ਬੋਰੀਆਂ ਟੀਐਸਪੀ ਖਾਦ ਅਤੇ 240 ਗੱਟੇ ਕਣਕ ਵੰਡੀ ਗਈ।
ਸੂਬਾ ਕਮੇਟੀ ਵੱਲੋਂ ਲਿਆਂਦੀ ਗਈ ਰਾਹਤ ਸਮੱਗਰੀ ਵੰਡਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ, ਜਨਰਲ ਸਕੱਤਰ ਗੁਲਜ਼ਾਰ ਸਿੰਘ ਕਬਰ ਵੱਛਾ, ਸ਼ਮਸ਼ੇਰ ਸਿੰਘ ਸ਼ਹਿਜ਼ਾਦੀ ਅਤੇ ਲਖਵੀਰ ਸਿੰਘ ਡੋਡ ਵੱਲੋਂ ਕੀਤੀ ਗਈ। ਇਸ ਸਬੰਧੀ ਜਥੇਬੰਦੀ ਵੱਲੋਂ ਪਹਿਲਾਂ ਹੀ ਇਨ੍ਹਾਂ ਪਿੰਡਾਂ ਦੇ ਲੋੜਵੰਦ ਕਿਸਾਨਾਂ ਦੀਆਂ ਲਿਸਟਾਂ ਬਣਾ ਲਈਆਂ ਗਈਆਂ ਸਨ। ਜਥੇਬੰਦੀ ਦਾ ਕਾਫ਼ਲਾ ਸਵੇਰੇ ਹੀ ਪਿੰਡ ਪ੍ਰੀਤਮ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ ਸੀ। ਉੱਥੇ ਹੀ ਇਕੱਠੇ ਹੋਏ ਕਿਸਾਨਾਂ ਪਹਿਲਾਂ ਹੀ ਜਥੇਬੰਦੀ ਵੱਲੋਂ ਕੀਤੇ ਸਰਵੇ ਅਨੁਸਾਰ ਲੋੜਬੰਦ ਕਿਸਾਨਾਂ ਦੀਆਂ ਲਿਸਟਾਂ ਦੇਖ ਕੇ ਜਥੇਬੰਦੀ ਵੱਲੋਂ ਪਰਚੀ ਬਣਾ ਕੇ ਦੇ ਦਿੱਤੀ ਜਾਂਦੀ ਸੀ ਅਤੇ ਸੰਬੰਧਤ ਕਿਸਾਨ ਜਥੇਬੰਦੀ ਦੇ ਟਰੱਕ ਕੋਲੋਂ ਦੋ ਬੋਰੀਆਂ ਡੀਏਪੀ, ਇੱਕ ਬੋਰੀ ਟੀਐਸਪੀ ਅਤੇ ਦੋ ਬੋਰੀਆਂ ਕਣਕ ਦੀਆਂ ਪ੍ਰਾਪਤ ਕਰ ਲੈਂਦਾ ਸੀ। ਅੱਜ ਫੇਰ ਜਥੇਬੰਦੀ ਨੂੰ 200 ਬੋਰੀ ਡੀਏਪੀ ਖਾਦ ਹੋਰ ਮਿਲ ਜਾਣ ਦੀ ਸੰਭਾਵਨਾ ਹੈ। ਜਿਉਂ ਹੀ ਇਹ ਖਾਦ ਪ੍ਰਾਪਤ ਹੋ ਜਾਂਦੀ ਹੈ ਤਾਂ ਕੱਲ੍ਹ ਨੂੰ ਹੋਰ ਪਿੰਡਾਂ ਵਿੱਚ ਇਹ ਰਾਹਤ ਸਮੱਗਰੀ ਵੰਡੀ ਜਾਵੇਗੀ।
ਪ੍ਰੀਤਮ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਹੜ੍ਹ ਕੁਦਰਤੀ ਕਰੋਪੀ ਨਹੀਂ ਸਗੋਂ ਇਸ ਲਈ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦੀ ਹਵਸ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਤੋਂ ਹੜ੍ਹ ਰੋਕਣ ਲਈ ਸੁਚੱਜੇ ਪ੍ਰਬੰਧ ਕਰਵਾਉਣ ਵਾਸਤੇ ਅਤੇ ਪੂਰਾ ਮੁਆਵਜ਼ਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸੰਘਰਸ਼ ਵਿੱਢਿਆ ਗਿਆ ਹੈ। ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ।
ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਰਾਲ਼ੀ ਦੇ ਨਿਪਟਾਰੇ ਲਈ, ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਨੂੰ ਮਸ਼ੀਨਰੀ ਜਾਂ ਨਕਦ ਸਹਾਇਤਾ ਉਪਲੱਬਧ ਕਰਵਾਏ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜੇਕਰ ਕਿਸਾਨਾਂ ਖਿਲਾਫ਼ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਉਸ ਦਾ ਸਖ਼ਤ ਵਿਰੋਧ ਕਰੇਗੀ। ਸਹਾਇਤਾ ਸਮੱਗਰੀ ਵੰਡਣ ਸਮੇਂ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਮਾਨ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਮੋਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ, ਜੁਗਰਾਜ ਹਰਦਾਸਪੁਰਾ, ਭੋਲਾ ਸਿੰਘ ਛੰਨਾਂ, ਧੀਰਜ ਸਿੰਘ ਭਦੌੜ, ਜਤਿੰਦਰ ਕੜਮਾ, ਤਰਸੇਮ ਸਿੰਘ ਬੱਸੂਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।