ਭਾਈ ਖਾਲੜਾ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਟਕਪੂਰਾ ਵਿਖੇ ਪੈਦਲ ਮਾਰਚ 15 ਨੂੰ
ਸਰਕਾਰਾਂ ਨੂੰ ਭਾਈ ਖਾਲੜਾ ਦੀ ਸੋਚ ਤੋਂ ਡਰ ਲੱਗਦਾ ਫਿਲਮ ਤੋਂ ਨਹੀ : ਭਾਈ ਗੁਰਸੇਵਕ ਸਿੰਘ ਭਾਣਾ
ਪੰਜਗਰਾਈਂ ਕਲਾਂ,11 ਜੁਲਾਈ (ਸੁਖਜਿੰਦਰ ਸਿੰਘ ਪੰਜਗਰਾਈਂ) ਪੰਜਾਬ ਪੁਲਿਸ ਵੱਲੋਂ 90 ਦੇ ਦਹਾਕੇ ਵਿੱਚ 25000 ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਲਵਾਰਿਸ ਕਹਿ ਕੇ ਮਾਰੇ ਨੌਜਵਾਨਾਂ ਦਾ ਸੱਚ ਦੁਨੀਆਂ ਸਾਹਮਣੇ ਲਿਆਉਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਸੰਘਰਸ਼ਮਈ ਜੀਵਨ ਤੇ ਉੱਚੀ ਸੁੱਚੀ ਸੋਚ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ 15 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਕੋਟਕਪੂਰਾ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਬੱਤੀਆਂ ਵਾਲਾ ਚੌਕ ਤੱਕ ਪੈਦਲ ਮਾਰਚ ਕੱਢਿਆ ਜਾਵੇਗਾ। ਇਹ ਸਾਰੀ ਜਾਣਕਾਰੀ ਦਿੰਦਿਆ ਪੰਥਕ ਆਗੂ ਭਾਈ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕੇ ਸਰਕਾਰਾਂ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੱਚੀ ਸੋਚ ਤੋਂ ਡਰ ਲੱਗਦਾ ਹੈ ਫਿਲਮ ਤੋਂ ਨਹੀ। ਉਨ੍ਹਾਂ ਕਿਹਾ ਕੇ ਸੱਚ ਕਦੇ ਵੀ ਮਿਟਾਇਆ ਨਹੀ ਜਾ ਸਕਦਾ ਅਖੀਰ ਨੂੰ ਝੂਠ ਦੀ ਹਾਰ ਹੁੰਦੀ ਹੈ ਤੇ ਸੱਚ ਦੀ ਜਿੱਤ। ਭਾਈ ਭਾਣਾ ਨੇ ਕਿਹਾ ਕੇ ਇਸ ਮੌਕੇ ਤੇ ਬੱਤੀਆਂ ਵਾਲੇ ਚੌਂਕ ਵਿੱਚ ਸਕ੍ਰੀਨ ਲਗਾ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸਪੀਚ ਸੰਗਤਾਂ ਨੂੰ ਸੁਣਾਈ ਜਾਵੇਗੀ। ਭਾਈ ਭਾਣਾ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕੇ ਉਹ ਸਮੇਂ ਸਿਰ ਪੈਦਲ ਮਾਰਚ ਵਿੱਚ ਪਹੁੰਚਣ ਤਾਂ ਕੇ ਉਹਨਾਂ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸੋਚ ਬਾਰੇ ਪਤਾ ਲੱਗ ਸਕੇ । ਉਹਨਾਂ ਕਿਹਾ ਕੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਹੁਣ ਵੀ ਨਿਰਦੋਸ਼ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ, ਜੋ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਹੈ।
- Download Babushahi App
-
-