ਬਿਜਲੀ ਸੋਧ ਬਿੱਲ ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ
ਅਸ਼ੋਕ ਵਰਮਾ
ਬਰਨਾਲਾ, 16 ਦਸੰਬਰ 2025 :ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ-2025, 4 ਕਿਰਤ ਕੋਡ, ਪਾਵਰਕੌਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਖਿਲਾਫ਼ ਵਿਸ਼ਾਲ ਰੈਲੀ ਕਰਨ ਉਪਰੰਤ ਅਰਥੀ ਸਾੜ੍ਹ ਮੁਜ਼ਾਹਰਾ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਬਿਜਲੀ ਬੋਰਡ ਦੇ ਮੁੱਖ ਦਫ਼ਤਰ ਧਨੌਲਾ ਰੋਡ ਵਿਖੇ ਜੱਗਾ ਸਿੰਘ ਪ੍ਰਧਾਨ ਸ਼ਹਿਰੀ ਮੰਡਲ ਬਰਨਾਲਾ ਦੀ ਅਗਵਾਈ ਵਿੱਚ ਹੋਈ ਰੈਲੀ ਨੂੰ ਸੂਬਾ ਆਗੂ ਸ਼ਿੰਦਰ ਧੌਲਾ ਮੋਹਣ ਸਿੰਘ ਛੰਨਾਂ, ਬਲਵੰਤ ਸਿੰਘ ਬਰਨਾਲਾ, ਗੌਰੀ ਸ਼ੰਕਰ, ਜਗਦੀਸ਼ ਸਿੰਘ ਨਾਈਵਾਲਾ, ਜਗਮੀਤ ਸਿੰਘ ਧਨੇਰ, ਸ਼ਿੰਗਾਰਾ ਸਿੰਘ ਕੁਰੜ ਆਦਿ ਆਗੂਆਂ ਨੇ ਸੰਬੋਧਨ ਕੀਤਾ ।
ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਲਿਆਂਦੇ ਬਿਜਲੀ ਸੋਧ ਬਿਲ-2025 ਬਿੱਲ ਨਿਗਮੀਕਰਨ ਤੋਂ ਨਿੱਜੀਕਰਨ ਵੱਲ ਕੇਂਦਰ ਸਰਕਾਰ ਦੀ ਵੱਡੀ ਪੁਲਾਂਘ ਹੈ। ਇਹ ਸੋਧ ਬਿੱਲ ਲਾਗੂ ਹੋਣ ਨਾਲ ਪੰਜਾਬ ਦੇ ਬਿਜਲੀ ਕਾਮਿਆਂ ਸਮੇਤ 3 ਕਰੋੜ ਲੋਕ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੇ। ਵੰਡ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਦੇ ਆਉਣ ਨਾਲ ਮੁਕਾਬਲੇ ਬਾਜ਼ੀ ਦਾ ਦੌਰ ਸ਼ੁਰੂ ਹੋ ਜਾਵੇਗਾ। ਕਿਸਾਨਾਂ ਅਤੇ ਹੋਰ ਵਰਗਾਂ ਨੂੰ ਹਾਸਲ ਸਬਸਿਡੀਆਂ ਦਾ ਭੋਗ ਪਾਉਣ ਲਈ ਰਾਹ ਪੱਧਰਾ ਹੋ ਜਾਵੇਗਾ। ਤੀਰਥ ਦਾਸ, ਸੁਖਵੰਤ ਸਿੰਘ ਚੂੰਘਾਂ ਆਦਿ ਬੁਲਾਰਿਆਂ ਨੇ ਸਾਰੇ ਪੈਨਸ਼ਨਰਜ਼ ਸਾਥੀਆਂ ਨੂੰ ਐਸਕੇਐਮ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿਲ-2025 , ਬੀਜ ਸੋਧ ਬਿਲ, 4 ਕਿਰਤ ਕੋਡ, ਨਿੱਜੀ ਕਰਨ ਦੀ ਨੀਤੀ ਖਿਲਾਫ਼ ਉਲੀਕੇ ਗਏ ਸਾਂਝੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਸਟੇਜ ਸਕੱਤਰ ਦੇ ਫਰਜ਼ ਸਾਥੀ ਗੁਰਚਰਨ ਸਿੰਘ ਬਰਨਾਲਾ ਨੇ ਬਾਖ਼ੂਬੀ ਨਿਭਾਏ।
ਬੁਲਾਰਿਆਂ ਬਹਾਦਰ ਸਿੰਘ, ਜਗਰਾਜ ਸਿੰਘ ਆਦਿ ਆਗੂਆਂ ਨੇ ਪਾਵਰਕੌਮ ਵਿੱਚ 15-15, ਸਾਲ ਤੋਂ ਕੰਮ ਕਰ ਰਹੇ ਠੇਕਾ ਅਧਾਰਿਤ ਸੀ ਐਚ ਬੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਇਨ੍ਹਾਂ ਕਾਮਿਆਂ ਨੂੰ ਪਾਵਰਕੌਮ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਖ਼ਾਲੀ ਪਈਆਂ ਟੈਕਨੀਕਲ ਕਾਮਿਆਂ ਦੀਆਂ ਅਸਾਮੀਆਂ ਵਿਰੁੱਧ ਤੈਨਾਤ ਕਰਨ ਦੀ ਮੰਗ ਕੀਤੀ ਗਈ। ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪੈਨਸ਼ਨਰਜ਼ ਦਿਵਸ ਮਨਾਉਣ ਲਈ 24 ਦਸੰਬਰ ਦੀ ਦੋਵੇਂ ਮੰਡਲ ਕਮੇਟੀਆਂ ਦੀ ਸਾਂਝੀ ਮੀਟਿੰਗ ਬੁਲਾਉਣ ਦਾ ਵੀ ਫ਼ੈਸਲਾ ਕੀਤਾ ਗਿਆ।