ਬਿਜਲੀ ਮੁਲਾਜ਼ਮਾਂ ਵੱਲੋਂ ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 30 ਅਪ੍ਰੈਲ
ਪੀ.ਐਸ.ਈ.ਬੀ. ਐਸ.ਸੀ. ਪਾਵਰ ਇੰਜੀਨਿਅਰਜ਼ ਅਤੇ ਆਫ਼ੀਸਰਜ਼ ਐਸੋਸ਼ੀਏਸ਼ਨ ਅਤੇ ਐਸ.ਸੀ./ ਬੀ.ਸੀ. ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਰੂਪਨਗਰ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਆਰ ਜੇ ਰਿਜ਼ੌਰਟ ਸਿੰਘਪੁਰਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਥਰਮਲ ਪਲਾਂਟ ਰੋਪੜ ਦੇ ਮੁੱਖ ਇੰਜੀਨੀਅਰ ਇੰਜੀ: ਸੁਰਿੰਦਰ ਕੁਮਾਰ ਬੈਂਸ ਵੱਲੋਂ ਕੀਤੀ ਗਈ, ਸਮਾਗਮ ਵਿੱਚ ਐਸ.ਸੀ./ ਬੀ.ਸੀ. ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੰਜਾਬ ਦੇ ਪ੍ਰਧਾਨ ਸ. ਅਵਤਾਰ ਸਿੰਘ ਕੈਂਥ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਪ੍ਰਸਿੱਧ ਦਲਿਤ ਇਤਿਹਾਸਕਾਰ, ਲੇਖਕ ਅਤੇ ਨਾਟਕਕਾਰ ਡਾ. ਐਸ. ਐਲ. ਵਿਰਦੀ ਜੀ ਨੇ ਬਤੌਰ ਮੁੱਖ ਬੁਲਾਰਾ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਡਾ. ਅੰਬੇਡਕਰ ਜੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਇੱਕ ਸੰਵਿਧਾਨ ਘਾੜੇ ਹੀ ਨਹੀਂ ਸਨ, ਸਗੋਂ ਉਹ ਇੱਕ ਮਹਾਨ ਸਮਾਜ ਸੁਧਾਰਕ, ਅਰਥ ਸ਼ਾਸਤਰੀ ਅਤੇ ਨਿਮਾਣਿਆਂ ਦੇ ਮਸੀਹਾ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜਿਕ ਬਰਾਬਰੀ ਅਤੇ ਦਲਿਤਾਂ, ਪਿਛੜੇ ਵਰਗਾਂ ਤੇ ਔਰਤਾਂ ਦੇ ਹੱਕਾਂ ਲਈ ਲੜਦਿਆਂ ਗੁਜ਼ਾਰ ਦਿੱਤਾ। ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੇ 'ਪੜ੍ਹੋ, ਜੁੜੋ ਤੇ ਸੰਘਰਸ਼ ਕਰੋ' ਦੇ ਨਾਅਰੇ 'ਤੇ ਰੋਸ਼ਨੀ ਪਾਈ। ਸਮਾਗਮ ਨੂੰ ਉਪਰੋਕਤ ਤੋਂ ਇਲਾਵਾ ਐਡਵੋਕੇਟ ਲਖਬੀਰ ਸਿੰਘ,ਇੰਜੀ: ਰਣਜੀਤ ਸਿੰਘ ,ਇੰਜੀ:ਪਵਿੱਤਰ ਸਿੰਘ ਨੌਲੱਖਾ,ਗੁਰਵਿੰਦਰ ਸਿੰਘ ਗੁਰੂ,ਇੰਜੀ: ਸਤੀਸ਼ ਕੁਮਾਰ ਸਾਗਰ,ਇੰਜੀ: ਤਰੁਣ ਲੋਤਰਾ ਨੇ ਸੰਬੋਧਿਤ ਕੀਤਾ। ਬੱਚਿਆਂ ਵੱਲੋਂ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ।
ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ/ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਜਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਾਨੂੰ ਬਾਬਾ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਇੱਕ ਜਾਤ-ਪਾਤ ਮੁਕਤ ਅਤੇ ਪੜ੍ਹੇ-ਲਿਖੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਇੰਜੀ:ਮੁਨੀਸ਼ ਸੋਢੀ,ਇੰਜੀ:ਬਲਰਾਮ ਸਿੰਘ,ਇੰਜੀ:ਰਵੀ ਕੁਮਾਰ,ਇੰਜੀ:ਜਸਵਿੰਦਰ ਸਿੰਘ , ਜਸਪਾਲ ਸਿੰਘ,ਅਵਤਾਰ ਸਿੰਘ,ਉਮਰਾਓ ਸਿੰਘ,ਕੁਲਵਿੰਦਰ ਸਿੰਘ, ਗੁਰਚਰਣ ਸਿੰਘ,ਸ਼ੇਰ ਸਿੰਘ, ਇੰਜੀ: ਹਰਮੀਤ ਸਿੰਘ,ਇੰਜੀ: ਮਨਦੀਪ ਸਿੰਘ,ਬਸੰਤ ਕੁਮਾਰ,ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Click to Follow Babushahi Facebook page →