ਫ਼ਸਲਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ: ਧਤੌਂਦਾ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 01 ਅਕਤੂਬਰ 2026:- ਕੇਂਦਰ ਸਰਕਾਰ ਵੱਲੋਂ ਕਣਕ, ਮੂੰਗ ਦਾਲ ਸਮੇਤ ਹੋਰ ਫ਼ਸਲਾਂ ਦੇ ਭਾਅ ਵਿੱਚ ਕੀਤੇ ਵਾਧੇ ਨੂੰ ਕਿਸਾਨ ਆਗੂ ਸੁਰਿੰਦਰ ਸਿੰਘ ਧਤੌਂਦਾ ਨੇ ਨਾਕਾਫ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਾਦਾਂ, ਦਵਾਈਆਂ, ਡੀਜ਼ਲ ਅਤੇ ਮਜ਼ਦੂਰੀ ਦੀਆਂ ਵਧਦੀਆਂ ਕੀਮਤਾਂ ਦੇ ਮੁਕਾਬਲੇ ਫ਼ਸਲਾਂ ਦੇ ਭਾਅ ਵਿੱਚ ਵਾਧਾ ਬੇਹੱਦ ਘੱਟ ਹੈ।
ਧਤੌਂਦਾ ਨੇ ਕਿਹਾ ਕਿ ਇੱਕ ਏਕੜ ਵਿੱਚ 18 ਤੋਂ 20 ਕੁਇੰਟਲ ਕਣਕ ਪੈਦਾ ਹੁੰਦੀ ਹੈ ਅਤੇ 25 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਕਿਸਾਨ ਨੂੰ ਸਿਰਫ਼ 450 ਤੋਂ 500 ਰੁਪਏ ਵਾਧੂ ਮਿਲਣਗੇ। ਇਹ ਵਾਧਾ ਖੇਤੀ ਦੀ ਵਧਦੀ ਲਾਗਤ ਦੇ ਮੁਕਾਬਲੇ ਕੋਈ ਵੱਡਾ ਰਾਹਤ ਕਦਮ ਨਹੀਂ।
ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਚੀਨੀ ਦੀਆਂ ਵਧਦੀਆਂ ਕੀਮਤਾਂ, ਮਹਿੰਗੀਆਂ ਵਸਤਾਂ ਅਤੇ ਸੋਨੇ ਦੀਆਂ ਚੜ੍ਹਦੀਆਂ ਕੀਮਤਾਂ ਵਿਚਕਾਰ ਕਿਸਾਨ ਤੇ ਮਜ਼ਦੂਰ ਦੋਵੇਂ ਆਰਥਿਕ ਦਬਾਅ ਹੇਠ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਖੇਤੀ ਦੀ ਅਸਲ ਲਾਗਤ ਦੇ ਆਧਾਰ ’ਤੇ ਲਾਹੇਵੰਦ ਫ਼ਸਲੀ ਭਾਅ ਤੈਅ ਕਰਨ ਦੀ ਮੰਗ ਕੀਤੀ।
- Download Babushahi App
-
-