ਪੰਜਾਬ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜੀਆਂ- ਗਿਆਨੀ ਹਰਪ੍ਰੀਤ ਸਿੰਘ
ਸਵਾਲ ਕਰਨ 'ਤੇ ਮੋਹਨਜੀਤ ਹਸਪਤਾਲ ਵਿੱਚ ਹੈ ਜਦਕਿ ਗੁਲਜਾਰ ਸਿੰਘ ਜੀਵਨ ਲੀਲਾ ਹੀ ਸਮਾਪਤ ਕਰ ਗਿਆ।
ਚੰਡੀਗੜ੍ਹ-: 8 ਸਤੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸਵਾਲ ਪੁੱਛਣ ਵਾਲਿਆਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾ ਰਹੀ ਹੈ। ਉਹਨਾਂ ਕਿਹਾ ਕਿ ਕਦੇ ਇਸੇ ਪਾਰਟੀ ਨੇ ਲੋਕਾਂ ਨੂੰ ਸਿਖਾਇਆ ਸੀ ਕਿ ਸੱਥਾਂ ਵਿੱਚ ਲੀਡਰਾਂ ਨੂੰ ਸਵਾਲ ਪੁੱਛ ਕੇ ਜਵਾਬ ਮੰਗਿਆ ਕਰੋ। ਹੁਣ ਆਪ ਉਹਨਾਂ ਪੁਰਾਣੇ ਲੀਡਰਾਂ ਵਾਂਗ ਜਵਾਬ ਦੇਣ ਤੋਂ ਹੀ ਨਹੀਂ ਮੁਕਰ ਰਹੇ ਸਗੋਂ ਸਵਾਲ ਕਰਨ ਵਾਲਿਆਂ 'ਤੇ ਅਣਮਨੁੱਖੀ ਤਸ਼ੱਦਦ ਢਾਹ ਰਹੇ ਹਨ। ਜਿਵੇਂ ਕਿ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਨੂੰ ਦੂਰ ਤੋਂ ਹੀ ਕਾਲੀ ਝੰਡੀ ਵਿਖਾਉਣ 'ਤੇ ਸ ਮੋਹਣਜੀਤ ਸਿੰਘ ਸ਼ੇਰੋਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਭਾਰੀ ਤਸੀਹੇ ਦਿੱਤੇ ਗਏ। ਜਿਸ ਕਾਰਨ ਉਹ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ। ਏਸੇ ਤਰਾਂ ਭਦੌੜ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਿੰਡ ਤੂਰ ਬਨਜਾਰਾ ਵਾਸੀ ਸ ਗੁਲਜ਼ਾਰ ਸਿੰਘ ਵੱਲੋਂ ਨਸ਼ਿਆਂ ਬਾਰੇ ਸਵਾਲ ਕਰਨ 'ਤੇ ਏਨਾ ਜਲੀਲ ਕੀਤਾ ਗਿਆ ਕਿ ਉਸ ਨੇ ਸਲਫਾਸ ਖਾ ਕੇ ਆਪਣੀ ਜਾਨ ਹੀ ਦੇ ਦਿੱਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਝ ਨਹੀਂ ਆਉਂਦੀ ਸਰਕਾਰ ਬਣਾਉਣ ਤੋਂ ਪਹਿਲਾਂ ਕੇਜਰੀਵਾਲ ਦੀਆਂ ਗਾਰੰਟੀਆਂ ਵਿੱਚ ਨਸ਼ਾ ਖਤਮ ਕਰਨ ਦੀ ਗਾਰੰਟੀ ਦੇਣ ਵਾਲੇ ਹੁਣ ਇਸ ਬਾਰੇ ਜਵਾਬ ਦੇਣ ਤੋਂ ਵੀ ਏਨਾ ਕਿਉਂ ਡਰ ਰਹੇ ਹਨ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਦਾ ਮਨੁੱਖੀ ਅਧਿਕਾਰ ਕਮਿਸ਼ਨ ਵੀ ਗਫਲਤ ਦੀ ਨੀਂਦ ਸੁੱਤਾ ਪਿਆ ਹੈ ਜੋ ਅਜਿਹੇ ਭਿਆਨਕ ਵਰਤਾਰਿਆਂ ਦਾ ਕੋਈ ਨੋਟਿਸ ਨਹੀ ਲੈ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦਾ ਇਕ ਵਫਦ ਜਲਦੀ ਹੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸ ਜਤਿੰਦਰ ਸਿੰਘ ਸ਼ੰਟੀ ਨੂੰ ਮਿਲਕੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਏਗਾ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਤਸ਼ੱਦਦ ਖਿਲਾਫ ਸੰਗਰੂਰ ਜਿਲ੍ਹੇ ਦੇ ਪਾਰਟੀ ਆਗੂ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-