ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 21 ਅਕਤੂਬਰ,2025
ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਅੱਜ ਸਥਾਨਕ ਆਈ.ਟੀ.ਆਈ ਗਰਾਉਂਡ ਵਿਖੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸ਼ਹੀਦ ਹੋਣ ਵਾਲੇ ਫੋਰਸਾਂ ਅਤੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਡੀ.ਆਈ.ਜੀ. ਸਤਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਅਧਿਕਾਰੀਆਂ ਤੇ ਜਵਾਨਾਂ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਹ ਕੁਰਬਾਨੀਆਂ ਦੇਸ਼ ਦੀ ਏਕਤਾ-ਅਖੰਡਤਾ ਨੂੰ ਮਜਬੂਤ ਰੱਖਣ ਲਈ ਸੁਨਹਿਰੀ ਇਤਿਹਾਸ ਹੈ ।
ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਡੀ.ਆਈ.ਜੀ. ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਅਨੇਕਾਂ ਅਧਿਕਾਰੀਆਂ ਅਤੇ ਜਵਾਨਾਂ ਨੇ ਦੇਸ਼ ਦੀ ਏਕਤਾ ਅਤੇ ਭਾਈਚਾਰੇ ਦੀ ਬਰਕਰਾਰੀ ਲਈ ਆਪਣੀਆਂ ਜਾਨਾਂ ਤੱਕ ਦੀ ਪਰਵਾਹ ਨਹੀਂ ਕੀਤੀ ਜੋ ਪੂਰੀ ਫੋਰਸ ਲਈ ਪ੍ਰੇਰਣਾਸਰੋਤ ਹੈ । ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਪੰਜਾਬ ਪੁਲਿਸ ਵਿੱਚ ਰਾਜ ਅੰਦਰ ਅਮਨ-ਕਾਨੂੰਨ ਵਿਵਸਥਾ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਜਜ਼ਬੇ ਨੂੰ ਹੋਰ ਮਜਬੂਤ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਸ਼ਹੀਦਾਂ ਵੱਲੋਂ ਦੇਸ਼ ਅਤੇ ਸੂਬੇ ਦੀ ਰੱਖਿਆ ਲਈ ਚਲਾਈ ਮਸ਼ਾਲ ਨੂੰ ਹਮੇਸਾ ਚਲਾਈ ਰੱਖਣਗੇ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ ਨਹੀਂ ਵਰਤਿਆ ਜਾਵੇਗਾ ।
ਡੀ.ਆਈ.ਜੀ. ਸਤਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਅੰਦਰ 21 ਅਕਤੂਬਰ ਨੂੰ ਵੱਖ-ਵੱਖ ਸੂਬਿਆਂ ਵਿੱਚ ਪੁਲਿਸ ਅਤੇ ਕੇਂਦਰੀ ਫੋਰਸਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜ਼ਦਾ ਕੀਤਾ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ 1959 ਵਿੱਚ ਲੱਦਾਖ ਦੇ ਹਾਟ ਸਪਰਿੰਗ ਨਾਮ ਦੀ ਜਗ੍ਹਾ ’ਤੇ ਸਬ-ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਵਾਲੀ ਸੀ.ਆਰ.ਪੀ.ਐਫ ਦੇ ਜਵਾਨਾਂ ਦੀ ਟੁਕੜੀ ’ਤੇ ਚੀਨੀ ਫੌਜਿਆਂ ਨੇ ਘਾਤ ਲਾ ਕੇ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਆਨ,ਬਾਨ, ਸ਼ਾਨ ਅਤੇ ਪੰਜਾਬ ਪੁਲਿਸ ਦੇ ਮਾਣ ਨੂੰ ਹਮੇਸਾਂ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬਹਾਦਰ ਅਤੇ ਦਲੇਰ ਫੋਰਸ ਹੈ ਜਿਸਨੇ ਹਿੱਮਤ ਅਤੇ ਹੌਸਲਾ ਦਿਖਾਉਂਦਿਆਂ ਅੱਤਵਾਦ ਵਰਗੇ ਖਤਰਿਆਂ ਅਤੇ ਹੋਰ ਜੋਖਮ ਭਰੇ ਹਾਲਾਤ ਦਾ ਸਾਹਮਣਾ ਕਰਦਿਆਂ ਹਰ ਮਿਸ਼ਨ ’ਤੇ ਫਤਿਹ ਪਾਈ । ਡੀ.ਆਈ.ਜੀ. ਸਤਿੰਦਰ ਸਿੰਘ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਐਸ.ਪੀ. ਡਾ. ਮਹਿਤਾਬ ਸਿੰਘ, ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਮਾਨ ਅਤੇ ਹੋਰਨਾਂ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਜਿਲ੍ਹਾ ਪੁਲਿਸ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਡੀ.ਆਈ.ਜੀ. ਨੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਅਤੇ ਮਸਲੇ ਸੁਣੇ । ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਨ੍ਹਾਂ ਮਸਲਿਆਂ ’ਤੇ ਗਹੁ ਨਾਲ ਵਿਚਾਰ ਕੇ ਢੁੱਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ ।
ਇਸ ਤੋਂ ਪਹਿਲਾਂ ਸੋਗ ਪਰੇਡ ਵੱਲੋਂ ਸੋਗ ਸਲਾਮੀ ਦਿੱਤੀ ਗਈ ਅਤੇ ਡੀ.ਐਸ.ਪੀ. ਰਾਜ ਕੁਮਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਫੋਰਸਾਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਮ ਪੜ੍ਹੇ ਗਏ । ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਕੌਰ, ਹਰਵਿੰਦਰ ਸਿੰਘ, ਬਲਵੰਤ ਕੌਰ, ਗੁਰਮੇਜ ਕੌਰ, ਸੁਰਜੀਤ ਕੌਰ, ਕਮਲਜੀਤ ਕੌਰ, ਗੁਰਮੇਜ ਕੌਰ, ਅਮਨਦੀਪ ਸਿੰਘ, ਕਮਲੇਸ਼ ਰਾਣੀ, ਸ਼ਕੁੰਤਲਾ ਦੇਵੀ, ਸੁਭਾਸ਼ ਚੰਦਰ, ਮੋਨਿਕਾ ਸ਼ਰਮਾ, ਧਰਮਪਾਲ ਬੈਂਸ, ਗੁਰਮੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ, ਗੁਰਦਿਆਲ ਸਿੰਘ, ਮਿੰਦਰ ਕੌਰ, ਗੁਰਮੀਤ ਰਾਮ, ਅਜੇ, ਗੁਰਬਖਸ਼ ਸਿੰਘ, ਭਗਵੰਤ ਸਿੰਘ ਅਤੇ ਰੇਸ਼ਮ ਕੌਰ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਐਸ.ਪੀ. ਹੈਡਕੁਆਰਟਰ ਇਕਬਾਲ ਸਿੰਘ, ਐਸ.ਪੀ.(ਇੰਨਵੈਸਟੀਗੇਸ਼ਨ) ਸਰਬਜੀਤ ਸਿੰਘ ਬਾਹੀਆ, ਐਸ.ਪੀ. (ਪੀ.ਬੀ.ਆਈ) ਜਸ਼ਨਦੀਪ ਸਿੰਘ ਗਿੱਲ, ਪਰੇਡ ਕਮਾਂਡਰ ਜਸਪ੍ਰੀਤ ਸਿੰਘ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ ।