← ਪਿਛੇ ਪਰਤੋ
ਪਿਤਾ ਨੂੰ ਕਤਲ ਕਰਨ ਮਗਰੋਂ ਲਾਸ਼ ਨੂੰ ਘਰ ਵਿੱਚ ਸਾੜਨ ਵਾਲਾ ਕਲਯੁੱਗੀ ਪੁੱਤ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 23 ਮਈ 2025:ਬਠਿੰਡਾ ਜਿਲ੍ਹੇ ਦੇ ਪਿੰਡ ਸਿਵੀਆਂ ’ਚ ਆਪਣੇ ਪਿਤਾ ਨੂੰ ਕਤਲ ਕਰਨ ਤੋਂ ਬਾਅਦ ਘਰ ਵਿੱਚ ਹੀ ਅੰਤਿਮ ਸਸਕਾਰ ਕਰਨ ਵਾਲੇ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਐਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਦਾ ਕਾਰਨ ਪਿਤਾ ਪੁੱਤਰ ਵਿਚਕਾਰ ਜਮੀਨੀ ਝਗੜਾ ਸਾਹਮਣੇ ਆਇਆ ਹੈ। ਮਾਮਲਾ ਕੁੱਝ ਇਸ ਤਰਾਂ ਹੈ ਕਿ ਤਕਰੀਬਨ 49 ਸਾਲ ਉਮਰ ਦੇ ਯਾਦਵਿੰਦਰ ਸਿੰਘ ਨੇ ਆਪਣੇ ਬਜ਼ੁਰਗ ਪਿਤਾ ਬੀਰਿੰਦਰ ਸਿੰਘ ਨੂੰ 12 ਬੋਰ ਦੀ ਬੰਦੂਕ ਨਾਲ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਥਾਣਾ ਥਰਮਲ ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਰਿੰਦਰ ਸਿੰਘ ਦਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਲੜਕੇ ਨਾਲ ਜਮੀਨ ਸਬੰਧੀ ਵਿਵਾਦ ਚੱਲਦਾ ਆ ਰਿਹਾ ਸੀ। ਐਸਪੀ ਨੇ ਦੱਸਿਆ ਕਿ ਮੁਲਜਮ ਨੇ ਮੁਢਲੀ ਪੁੱਛ ਪੜਤਾਲ ਦੌਰਾਨ ਮੰਨਿਆ ਹੈ ਕਿ ਉਸ ਦਾ 20 ਮਈ ਨੂੰ ਪਿਤਾ ਨਾਲ ਝਗੜਾ ਹੋ ਗਿਆ ਸੀ ਜਿੱਥੇ ਪਿਤਾ ਨੇ ਮੇਰੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਕਰਕੇ ਉਸ ਦੀ ਅੱਖ ਤੇ ਸੱਟ ਵੱਜ ਗਈ। ਯਾਦਵਿੰਦਰ ਨੇ ਦੱਸਿਆ ਕਿ ਇਸ ਕਾਰਨ ਮੈਨੂੰ ਗੁੱਸਾ ਚੜ੍ਹ ਗਿਆ ਤਾਂ 12 ਬੋਰ ਦੀ ਬੰਦੂਕ ਨਾਲ ਦੋ ਗੋਲੀਆਂ ਆਪਣੇ ਪਿਤਾ ਨੂੰ ਮਾਰ ਦਿੱਤੀਆਂ ਜਿੰਨ੍ਹਾਂ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਯਾਦਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਲਾਸ਼ ਵਿਹੜੇ ’ਚ ਲਿਆਂਦੀ ਅਤੇ ਲੱਕੜਾਂ ਇਕੱਠੀਆਂ ਕਰਕੇ ਤੇਲ ਪਾਉਣ ਮਗਰੋਂ ਲਾਸ਼ ਨੂੰ ਸਾੜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
Total Responses : 2108