ਪਵਿੱਤਰ ਧਰਮ ਰੱਖਿਅਕ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਹੋਈ ਸ਼ੁਰੂ
*ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਅਮਰ ਸੰਦੇਸ਼ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ : ਹਰਮੀਤ ਸਿੰਘ ਕਾਲਕਾ*
ਸ੍ਰੀ ਆਨੰਦਪੁਰ ਸਾਹਿਬ, 13 ਨਵੰਬਰ 2025
ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਧਰਮ ਰੱਖਿਅਕ ਯਾਤਰਾ” ਦਾ ਸ਼ੁਭ ਆਰੰਭ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਆਨੰਦਪੁਰ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਹੋਇਆ।
ਇਸ ਪਵਿੱਤਰ ਯਾਤਰਾ ਦਾ ਆਯੋਜਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਨਾਈ ਜਾ ਰਹੀ ਸ਼ਤਾਬਦੀ ਦੀਆਂ ਵਿਸ਼ਾਲ ਤਿਆਰੀਆਂ ਦਾ ਹਿੱਸਾ ਹੈ।
ਇਸ ਸ਼ਾਨਦਾਰ ਨਗਰ ਕੀਰਤਨ ਵਿੱਚ ਸਿੱਖ ਪੰਥ ਦੀਆਂ ਵੱਖ ਵੱਖ ਸੰਪਰਦਾਵਾਂ, ਜਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਗੁਰੂ ਦੀ ਮਹਿਮਾ ਗਾਉਂਦਿਆਂ, “ਸ੍ਰੀ ਵਾਹਿਗੁਰੂ ਜੀ” ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਉਠਿਆ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ,
ਇਹ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਕਿ ਅਸੀਂ ਉਸ ਧਾਰਮਿਕ ਸਥਾਨ ਤੋਂ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਾਂ ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਕੋਲ ਧਰਮ ਦੀ ਰੱਖਿਆ ਲਈ ਬੇਨਤੀ ਕੀਤੀ ਸੀ। ਇਹ ਯਾਤਰਾ ਕੇਵਲ ਨਗਰ ਕੀਰਤਨ ਨਹੀਂ, ਸਗੋਂ ਸਿੱਖ ਪੰਥ ਦੀ ਬਹਾਦੂਰੀ
ਕੁਰਬਾਨੀ ਤੇ ਵਿਸ਼ਵ ਭਲਾਈ ਦੀ ਪ੍ਰਤੀਕ ਯਾਤਰਾ ਹੈ।”
ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਹਰਿਆਣਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਰਾਤ ਰਹੇਗਾ ਅਤੇ 14 ਨਵੰਬਰ ਨੂੰ ਸਵੇਰੇ ਅੰਬਾਲਾ ਤੋਂ ਚਲ ਕੇ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਵਿਖੇ ਪਹੁੰਚੇਗਾ ,ਉਸ ਥਾਂ ਜਿੱਥੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੇ ਧਰਮ ਦੀ ਖਾਤਰ ਆਪਣੇ ਸੀਸ ਦੀ ਬਲੀਦਾਨ ਦਿੱਤਾ ਸੀ।
ਸਰਦਾਰ ਕਾਲਕਾ ਨੇ ਕਿਹਾ ਕਿ 23, 24 ਅਤੇ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੇ ਲਾਲ ਕਿਲੇ ਸਾਹਮਣੇ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜਿੱਥੇ ਦੇਸ਼-ਵਿਦੇਸ਼ ਤੋਂ ਆਈ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਵਿਸ਼ਵ ਪੱਧਰੀ ਸੰਦੇਸ਼ ਦਿੱਤਾ ਜਾਵੇਗਾ।
ਉਨ੍ਹਾਂ ਨੇ ਸਾਰੀਆਂ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਕਾਰ ਸੇਵਾ ਸੰਸਥਾਵਾਂ ਦੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਥ ਏਕਤਾ ਦੇ ਰੂਪ ਵਿੱਚ ਇਕੱਠਾ ਹੋਇਆ ਹੈ। ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ, ਧਰਮ ਅਤੇ ਇਨਸਾਫ ਲਈ ਸਿਰ ਦੇਣੇ ਪੈਂਦੇ ਹਨ ਪਰ ਸਿਰ ਝੁਕਾਏ ਨਹੀਂ ਜਾਂਦੇ।”
ਇਸ ਮਹਾਨ ਨਗਰ ਕੀਰਤਨ ਵਿੱਚ ਵਿਸ਼ੇਸ਼ ਕਰਕੇ ਬਾਬਾ ਬਲਬੀਰ ਸਿੰਘ 96 ਕਰੌੜੀ ਬੁਢਾ ਦਲ, ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੌਡੇਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੰਤ ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ, ਬਾਬਾ ਨਾਗਰ ਸਿੰਘ ਜੀ ਤਰਨਾ ਦਲ ਹਰੀਆਂ ਵੇਲਾਂ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਸਾਰੇ ਸਿੱਖ ਸੰਸਥਾਵਾਂ ਦੇ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।
ਇਸ ਮਹਾਨ ਨਗਰ ਕੀਰਤਨ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਾਲ੍ਹੀ ਜਾਮੇ ਵਿੱਚ ਗਤਕਾ ਅਤੇ ਬੈਂਡ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੰਗਤਾਂ ਦੀ ਸਹੂਲਤ ਲਈ ਪਾਲਕੀ ਸਾਹਿਬ ਦੀ ਲਾਈਵ ਲੋਕੇਸ਼ਨ ਟ੍ਰੈਕਿੰਗ ਸੇਵਾ www.dsgmc.in ਵੈਬਸਾਈਟ ‘ਤੇ ਉਪਲਬਧ ਕਰਵਾਈ ਗਈ ਹੈ, ਤਾਂ ਜੋ ਦੇਸ਼-ਵਿਦੇਸ਼ ਦੀ ਸੰਗਤ ਇਸ ਆਤਮਕ ਯਾਤਰਾ ਨਾਲ ਰੂਬਰੂ ਰਹਿ ਸਕੇ।
ਇਹ ਧਰਮ ਰੱਖਿਅਕ ਯਾਤਰਾ — ਸਿੱਖ ਸ਼ੌਰਿਆ, ਸਦਭਾਵਨਾ ਅਤੇ ਵਿਸ਼ਵ ਭਰ ਵਿਚ ਸ਼ਾਂਤੀ ਦਾ ਪ੍ਰਤੀਕ ਬਣੀ ਰਹੇਗੀ।