ਨਸ਼ਾ ਸਿਰਫ਼ ਸ਼ਰੀਰ ਨੂੰ ਹੀ ਨਹੀਂ, ਸਮਾਜਿਕ ਢਾਂਚੇ ਨੂੰ ਵੀ ਕਰਦਾ ਹੈ ਕਮਜ਼ੋਰ : ਜ਼ਿਲ੍ਹਾ ਅਤੇ ਸੈਸ਼ਨ ਜੱਜ
ਅਸ਼ੋਕ ਵਰਮਾ
ਬਠਿੰਡਾ, 16 ਦਸੰਬਰ 2025: ਪੰਜਾਬ ਲੀਗਲ ਸਰਵਿਸਜ਼ ਅਥਾਰਟੀ ਬਠਿੰਡਾ ਵੱਲੋਂ ਨਸ਼ਿਆਂ ਖਿਲਾਫ 6 ਦਸੰਬਰ ਤੋਂ 6 ਜਨਵਰੀ 2026 ਤੱਕ ਵਿੱਢੀ ਗਈ ਮੁਹਿੰਮ ਦੀ ਲੜੀ ਦੇ ਤਹਿਤ ਅੱਜ ਸਥਾਨਕ ਕੋਰਟ ਕੰਪਲੈਕਸ ‘ਚੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕਰੁਨੇਸ਼ ਕੁਮਾਰ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਅਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਲਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਹ ਰੈਲੀ ਡੀਆਈਜੀ ਕੋਠੀ ਚੌਂਕ ਤੋਂ ਹੁੰਦੀ ਹੋਈ, ਪਾਵਰ ਹਾਊਸ ਰੋਡ, ਟ੍ਰੈਫਿਕ ਲਾਇਟਾਂ ਤੋਂ ਬੱਸ ਸਟੈਂਡ ਹੋ ਕੇ ਮੁੜ ਕੋਰਟ ਕੰਪਲੈਕਸ ਵਿੱਚ ਆ ਕੇ ਸਮਾਪਤ ਹੋਈ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਕਰੁਨੇਸ਼ ਕੁਮਾਰ ਨੇ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਮੰਤਵ ਨਾਲ ਇਹ ਜਾਗਰੂਕਤਾ ਰੈਲੀ ਕੱਢੀ ਗਈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਮਨੁੱਖ ਦੇ ਸਰੀਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਇਹ ਸਮਾਜਕ ਢਾਂਚੇ ਨੂੰ ਕਮਜ਼ੋਰ ਕਰਦਾ ਤੇ ਪਰਿਵਾਰਕ ਜੀਵਨ ਨੂੰ ਵੀ ਤਬਾਹੀ ਵੱਲ ਧੱਕਦਾ ਹੈ।
ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਹ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਆਪਣਾ ਪੂਰਨ ਸਹਿਯੋਗ ਦੇ ਕੇ ਸਾਂਝੇ ਉਪਰਾਲੇ ਕਰਨ ਨੂੰ ਤਰਜੀਹ ਦੇਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਨਸ਼ਿਆਂ ਦਾ ਕੋਹੜ ਸਮਾਜ ਦੀ ਜੜਾਂ ਨੂੰ ਖੋਖਲਾ ਕਰ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਸਾਂਝੀ ਕੋਸ਼ਿਸ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਸਰਕਾਰ ਜਾਂ ਪ੍ਰਸ਼ਾਸਨ ਹੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਮਾਪੇ, ਅਧਿਆਪਕ, ਨੌਜਵਾਨ ਅਤੇ ਸਮਾਜਿਕ ਸੰਸਥਾਵਾਂ ਨੂੰ ਇਕੱਠੇ ਹੋ ਕੇ ਇਸ ਬੁਰਾਈ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਰੋਕੂ ਮੁਹਿੰਮਾਂ ਓਦੋਂ ਹੀ ਕਾਮਯਾਬ ਹੋ ਸਕਦੀਆਂ ਹਨ ਜਦੋਂ ਲੋਕ ਆਪਸੀ ਸਹਿਯੋਗ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਆਉਣ। ਉਹਨਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ।
ਇਸ ਰੈਲੀ ਦੌਰਾਨ ਜੱਜ ਸਾਹਿਬਾਨ, ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰ, ਸ਼ੋਸ਼ਲ ਵਰਕਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਆਦਿ ਹਾਜ਼ਰ ਸਨ।