ਨਵਾਂਸ਼ਹਿਰ : ਮੰਤਰੀ ਡਾ. ਬਲਜੀਤ ਕੌਰ 15 ਅਗਸਤ ਨੂੰ ਲਹਿਰਾਉਣਗੇ ਕੌਮੀ ਝੰਡਾ
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਫੁੱਲ ਡਰੈਸ ਰਿਹਰਸਲ ਮੌਕੇ ਲਹਿਰਾਇਆ ਤਿਰੰਗਾ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ 15 ਅਗਸਤ ਨੂੰ ਲਹਿਰਾਉਣਗੇ ਕੌਮੀ ਝੰਡਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਅਗਸਤ 2025
ਦੇਸ਼ ਦੇ 79ਵੇਂ ਆਜਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਸਥਾਨਕ ਆਈ.ਟੀ.ਆਈ ਗਰਾਊਂਡ ਵਿਖੇ ਹੋਏ ਫੁੱਲ ਡਰੈਸ ਰਿਹਰਸਲ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ।
ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਐਸ.ਐਸ.ਪੀ ਡਾ. ਮਹਿਤਾਬ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਅਤੇ ਪਰੇਡ ਕਮਾਂਡਰ ਸਮੇਤ ਪਰੇਡ ਵਿੱਚ ਸ਼ਾਮਲ ਟੁਕੜੀਆਂ ਦਾ ਨਿਰੀਖਣ ਕੀਤਾ।ਪਰੇਡ ਕਮਾਂਡਰ ਦੀ ਅਗਵਾਈ ਵਿੱਚ ਮਾਰਚ ਪਾਸਟ ਵਿੱਚ ਸ਼ਾਮਲ ਪੰਜਾਬ ਪੁਲਿਸ (ਪੁਰਸ਼ਾਂ) ਅਤੇ ਮਹਿਲਾਵਾਂ ਦੀ ਟੁਕੜੀ ਤੋ ਇਲਾਵਾ ਕਿਰਪਾਲ ਸਾਗਰ ਅਕੈਡਮੀ ਰਾਹੋਂ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਰੀਹਾ ਦੇ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਜਦਕਿ ਕੇ.ਸੀ. ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਆਰਥੀਆਂ ਨੇ ਬੈਂਡ ਰਾਹੀਂ ਮਨਮੋਹਕ ਧੁਨਾਂ ਵਜਾਈਆਂ।
ਫੁੱਲ ਡਰੈਸ ਰਿਹਰਸਲ ਦੌਰਾਨ ਸੀ.ਐਮ ਦੀ ਯੋਗਸ਼ਾਲਾ ਰਾਹੀਂ ਯੋਗਾ ਟ੍ਰੇਨਰਾਂ ਅਤੇ ਵਿਦਆਰਥੀਆਂ ਨੇ ਯੋਗ ਦੀ ਮਹੱਤਤਾ ਅਤੇ ਯੋਗਾ ਨਾਲ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਸਕਾਲਰ ਪਬਲਿਕ ਸਕੂਲ, ਜਾਡਲਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਵੰਨਗੀ ‘ਵੰਦੇ ਮਾਤਰਮ’, ਸ਼ਿਵ ਚੰਦ ਪਬਲਿਕ ਸਕੂਲ, ਸਕੋਹਪੁਰ ਦੇ ਵਿਦਆਰਥੀਆਂ ਨੇ ‘ਸੈਲਫ ਡਿਫੈਂਸ’ ਕੋਰੀਓਗ੍ਰਾਫੀ ਅਤੇ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਮੱਲਪੁਰ ਦੇ ਵਿਦਆਰਥੀਆਂ ਨੇ ਮਾਰਸ਼ਲ ਖੇਡ ਗਤਕੇ ਦੀ ਪੇਸ਼ਕਾਰੀ ਕੀਤੀ।ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਾਹੋਂ ਦੀਆਂ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਸ਼ਿਵਾਲਿਕ ਪਬਲਿਕ ਸਕੂਲ, ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।ਸੇਂਟ ਜੋਸਫ ਸਕੂਲ, ਮੱਲਪੁਰ ਅੜਕਾਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਗਾਇਆ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਗਰਾਊਂਡ ਵਿਖੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਮੁੱਚੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ 15 ਅਗਸਤ ਨੂੰ 79ਵੇਂ ਆਜਾਦੀ ਦਿਹਾੜੇ ਮੌਕੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਈ.ਟੀ.ਆਈ ਗਰਾਊਂਡ ਵਿਖੇ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵੱਲੋ ਆਜਾਦੀ ਘੁਲਟੀਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਭਗਤੀ ‘ਤੇ ਅਧਾਰਿਤ ਵੰਨਗੀਆਂ ਦੀ ਪੇਸ਼ਕਾਰੀ ਤੋ ਇਲਾਵਾ ਵੱਖ-ਵੱਖ ਸਕੀਮਾਂ ਅਤੇ ਕਾਰਜਾਂ ਨੂੰ ਦਰਸਾਉਂਦੀਆਂ ਵਿਭਾਗਾਂ ਦੀਆਂ ਝਾਕੀਆਂ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੀਆਂ।