ਨਜਾਇਜ ਸਬੰਧਾਂ ਕਾਰਨ ਪਤੀ ਨੇ ਕੀਤਾ ਆਪਣੀ ਪਤਨੀ ਰਿਤਿਕਾ ਗੋਇਲ ਦਾ ਕਤਲ
ਅਸ਼ੋਕ ਵਰਮਾ
ਬਠਿੰਡਾ , 29 ਦਸੰਬਰ 2025:ਬਠਿੰਡਾ ਪੁਲਿਸ ਨੇ ਰੇਲਵੇ ਕਲੋਨੀ ਦੀ ਠੰਢੀ ਸੜਕ ਦੇ ਨਜ਼ਦੀਕ ਹੋਏ ਇੱਕ ਵਿਆਹੁਤਾ ਦੇ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਾਝਾਉਣ ’ਚ ਸਫਲਤਾ ਹਾਸਲ ਕਰ ਲਈ ਹੈ। ਪੁਰਾਣੀ ਕੈਨਾਲ ਚੌਂਕੀ ਦੇ ਪਿਛਵਾੜੇ ਇੱਕ ਖਾਲੀ ਪਲਾਟ ਚੋਂ 22 ਸਾਲ ਦੀ ਰਿਤਿਕਾ ਗੋਇਲ ਦੀ ਲਾਸ਼ ਮਿਲੀ ਸੀ ਜਿਸ ਦੀ ਜਾਂਚ ਤੋਂ ਪਤਾ ਲੱਗਿਆ ਕਿ ਕਿ ਗੱਲ ਵੱਢਕੇ ਹੱਤਿਆ ਕੀਤੀ ਗਈ ਹੈ। ਪੁਲਿਸ ਅਨੁਸਾਰ ਇਹ ਕਤਲ ਮ੍ਰਿਤਕਾ ਦੇ ਪਤੀ ਨੇ ਆਪਣੀ ਪਤਨੀ ਦੇ ਨਜਾਇਜ ਸਬੰਧਾਂ ਕਾਰਨ ਕੀਤਾ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਦੀ ਪਛਾਣ ਸਾਹਿਲ ਕੁਮਾਰ ਉਰਫ ਰੌਣਕ ਪੁੱਤਰ ਰਜੇਸ਼ ਕੁਮਾਰ ਵਾਸੀ ਜਨਤਾ ਨਗਰ ਬਠਿੰਡਾ ਵਜੋਂ ਹੋਈ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਕਤਲ ਕਰਨ ਉਪਰੰਤ ਸਾਹਿਲ ਨੇ ਪੁਲਿਸ ਨੂੰ ਉਲਝਾਉਣ ਲਈ ਚਤੁਰ ਬਣਨ ਦੀ ਕੋਸ਼ਿਸ਼ ਕੀਤੀ ਪਰ ਪੈਨੀਆਂ ਨਜ਼ਰਾਂ ਤੋਂ ਬਚ ਨਾਂ ਸਕਿਆ।
ਅੱਜ ਇਸ ਅਹਿਮ ਮਾਮਲੇ ਸਬੰਧੀ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਦਰਅਸਲ ਪੁਲਿਸ ਨੂੰ ਸਾਹਿਲ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ ਪਤਨੀ ਰਿਤਿਕਾ ਗੋਇਲ ਗਾਇਬ ਹੋ ਗਈ ਹੈ। ਐਤਵਾਰ ਨੂੰ ਕਰੀਬ 12 ਵਜੇ ਜਦੋਂ ਪੁਲਿਸ ਮੋਬਾਇਲ ਲੋਕੇਸ਼ਨ ਦੇ ਅਧਾਰ ਤੇ ਮੌਕੇ ’ਤੇ ਪੁਜੀ ਤਾਂ ਝਾੜੀਆਂ ਦੇ ਨਜ਼ਦੀਕ ਇੱਕ ਖਾਲੀ ਪਲਾਟ ’ਚ ਖੂਨ ਨਾਲ ਲੱਥਪਥ ਰਿਤਿਕਾ ਦੀ ਲਾਸ਼ ਪਈ ਹੋਈ ਸੀ। ਐਸਐਸਪੀ ਨੇ ਦੱਸਿਆ ਕਿ ਇਸ ਕਤਲ ਦੇ ਸਬੰਧ ਵਿੱਚ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਮੋਬਾਇਲ ਲੋਕੇਸ਼ਨ ਅਤੇ ਸੀਸੀਟੀਵੀ ਫੁੱਟੇਜ ਦੇ ਅਧਾਰ ਤੇ ਜਾਂਚ ਨੂੰ ਅੱਗੇ ਵਧਾਇਆ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਜਦੋਂ ਸਾਹਿਲ ਤੋਂ ਪੁੱਛਗਿਛ ਕੀਤੀ ਤਾਂ ਪਹਿਲਾਂ ਉਹ ਪੁਲਿਸ ਨੂੰ ਉਲਝਾਉਂਦਾ ਰਿਹਾ ਪਰ ਅੰਤ ਨੂੰ ਉਸ ਨੇ ਮੰਨ ਲਿਆ ਕਿ ਉਸ ਨੇ ਹੀ ਰਿਤਿਕਾ ਗੋਇਲ ਨੂੰ ਮਾਰਿਆ ਹੈ।
ਉਨ੍ਹਾਂ ਦੱਸਿਆ ਕਿ ਰਿਤਿਕਾ ਅਤੇ ਸਾਹਿਲ ਨੇ ਸਾਲ 2022 ’ਚ ਪ੍ਰੇਮ ਵਿਆਹ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਤਾਂ ਠੀਕ ਚੱਲਦਾ ਰਿਹਾ ਪਰ ਇਸ ਦੌਰਾਨ ਰਿਤਿਕਾ ਦੇ ਸਾਹਿਲ ਦੇ ਦੋਸਤ ਨਾਲ ਕਥਿਤ ਸਬੰਧ ਬਣ ਗਏ। ਇਸੇ ਤਰਾਂ 27 ਦਸੰਬਰ ਨੂੰ ਵੀ ਰਿਤਿਕਾ ਗੋਇਲ ਕਿਧਰੇ ਚਲੀ ਗਈ ਸੀ । ਉਨ੍ਹਾਂ ਦੱਸਿਆ ਕਿ ਬਾਅਦ ’ਚ ਸਾਹਿਲ ਉਸ ਨੂੰ ਖਾਣ ਪੀਣ ਦੇ ਬਹਾਨੇ ਨਾਲ ਖਾਲੀ ਪਲਾਟ ਕੋਲ ਲੈ ਗਿਆ ਅਤੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਸਾਹਿਲ ਨੇ ਮੰਨਿਆ ਕਿ ਉਸ ਦੀ ਪਤੀ ਦੇ ਉਸ ਦੇ ਦੋਸਤ ਨਾਲ ਸਬੰਧ ਸਨ ਜਿਸ ਕਰਕੇ ਉਸ ਨੇ ਆਪਣੀ ਪਤਨੀ ਨੂੰ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਲੈਣ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾਏਗੀ।