ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਵੱਲੋਂ ਟੈੱਟ ਦੇ ਫੈਸਲੇ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2026: ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਸਰਕਾਰ ਅਤੇ ਵਿਭਾਗ ਵੱਲੋਂ ਜਬਰੀ ਥੋਪੇ ਗਏ ਟੈੱਟ ਟੈਸਟ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਟੈੱਟ ਦੀ ਸ਼ਰਤ ਥੋਪ ਕੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਮਸਲੇ ਰੋਲਣ ਦੀ ਚਾਲ ਖੇਡੀ ਜਾ ਰਹੀ ਹੈ। ਚੋਣਾਂ ਦੇ ਇਸ ਵਰ੍ਹੇ ਜਦੋਂ ਮੁਲਾਜ਼ਮ ਪਿਛਲੇ ਚਾਰ ਸਾਲਾਂ ਤੋਂ ਆਪਣੇ ਮਸਲਿਆਂ ਲਈ ਸੰਘਰਸ਼ ਕਰ ਰਹੇ ਹਨ ਤਾਂ ਓਦੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ ,ਡੀ.ਏ. , ਪੇਂਡੂ ਭੱਤੇ ਸਮੇਤ 29 ਪ੍ਰਕਾਰ ਦੇ ਭੱਤੇ ਵਾਪਸ ਲੈਣਾ ,ਏ.ਸੀ.ਪੀ. ਸਕੀਮ ਲਾਗੂ ਕਰਵਾਉਣ, ਕੇਂਦਰੀ ਪੇ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਵਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਜਿਹੀਆਂ ਮੰਗਾਂ ਮਨਵਾਉਣ ਲਈ ਜੋਰ ਅਜਮਾਈ ਕਰਨੀ ਸੀ ਤਾਂ ਸਰਕਾਰ ਵੱਲੋਂ ਇਹਨਾਂ ਮਸਲਿਆਂ ਨੂੰ ਰੋਲਣ ਲਈ ਅਧਿਆਪਕਾਂ ਉੱਤੇ ਬੇਲੋੜੀ ਟੀ ਈ ਟੀ ਦੀ ਸ਼ਰਤ ਮੜ ਦਿੱਤੀ ਹੈ।
ਇਸ ਸਮੇਂ ਮੀਤ ਪ੍ਰਧਾਨ ਵਿਕਾਸ ਗਰਗ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦਾ ਬਹਾਨਾ ਬਣਾ ਕੇ ਸਕੂਲਾਂ ਵਿੱਚ 25-25 ਸਾਲਾਂ ਤੋਂ ਕੰਮ ਕਰ ਰਹੇ ਤਜ਼ਰਬੇਕਾਰ ਅਧਿਆਪਕਾਂ ਦੀ ਕੁਆਲਿਟੀ ਐਜੂਕੇਸ਼ਨ ਪਰਖਣ ਦਾ ਬਹਾਨਾ ਬਣਾ ਰਹੀ ਹੈ। ਜਦਕਿ ਸਰਕਾਰ ਵੱਲੋਂ ਜਿੰਨੀਆਂ ਵੀ ਭਰਤੀਆਂ ਕੀਤੀਆਂ ਗਈਆਂ ਹਨ ਉਹ ਅਧਿਆਪਨ ਦੀਆਂ ਬੇਸਿਕ ਸੇਵਾ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਸਿਰੇ ਲੱਗੀਆਂ ਹਨ। ਵਿਭਾਗ ਅੰਦਰ 2011 ਤੋਂ ਪਹਿਲਾਂ ਭਰਤੀ ਸਮੁੱਚੇ ਅਧਿਆਪਕ ਆਪਣੇ ਸਮੇਂ ਦੀਆਂ ਭਰਤੀਆਂ ਦੀਆਂ ਯੋਗਤਾਵਾਂ ਅਤੇ ਸ਼ਰਤਾਂ ਨੂੰ ਪੂਰਾ ਕਰਨ ਉਪਰੰਤ ਹੀ ਇਸ ਕਾਬਲ ਹੋਏ ਹਨ ਕਿ ਉਹ ਵਿਭਾਗ ਅੰਦਰ ਕੀਤੀ ਸਰਵਿਸ ਦੇ ਲਾਭ ਪ੍ਰਾਪਤ ਕਰ ਸਕਣ ਪ੍ਰੰਤੂ ਸਰਕਾਰ ਵੱਲੋਂ ਜਾਣ ਬੁੱਝ ਕੇ ਟੈੱਟ ਦੇ ਬਹਾਨੇ ਨੂੰ ਮੁਲਾਜ਼ਮਾਂ ਦੀਆਂ ਬੇਸਿਕ ਮੰਗਾਂ ਰੋਲਣ ਲਈ ਵਰਤਿਆ ਜਾ ਰਿਹਾ।
ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਮਸੂਬਿਆਂ ਨੂੰ ਸਮੂਹ ਅਧਿਆਪਕ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਹੋਣ ਦੇਣਗੇ। ਮੀਟਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਜ਼ਿਲਾ ਅਤੇ ਬਲਾਕ ਦੇ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਜ਼ਿਲ੍ਹਾ ਆਗੂ ਸਰਕਾਰ ਵੱਲੋਂ ਥੋਪੇ ਜਾ ਰਹੇ ਟੈੱਟ ਦਾ ਟੈਸਟ ਨਹੀਂ ਦੇਵੇਗਾ । ਟੈੱਟ ਦੇ ਫੈਸਲੇ ਖਿਲਾਫ ਸਰਕਾਰ ਦੀਆਂ ਨਿੱਜੀਕਰਨ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ਼ ਕਰਦੇ ਹੋਏ ਸਕੂਲ ਟੂ ਸਕੂਲ ਮੁਹਿੰਮਾਂ ਜਰੀਏ 22 ਫਰਵਰੀ ਨੂੰ ਸਮੁੱਚੇ ਅਧਿਆਪਕ ਤਬਕਿਆਂ ਵੱਲੋਂ ਕੀਤੀ ਜਾ ਰਹੀ ਟੈੱਟ ਵਿਰੋਧੀ ਸ਼੍ਰੀ ਅਨੰਦਪੁਰ ਸਾਹਿਬ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਇਆ ਜਾਵੇਗਾ । ਉਨਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਫੈਸਲੇ ਖਿਲਾਫ ਇਕੱਠੇ ਹੋ ਕੇ ਸਾਂਝੇ ਸੰਘਰਸ਼ਾਂ ਦਾ ਪਿੜ ਬੰਨੀਏ ਤਾਂ ਜੋ ਗੂੰਗੀ ਬੋਲੀ ਅਤੇ ਲੋਕ ਵਿਰੋਧੀ ਨੀਤੀਆਂ ਤੇ ਉਤਾਰੂ ਹੋਈ ਸਰਕਾਰ ਦੇ ਮਨਸੂਬਿਆਂ ਨੂੰ ਪਿਛਾਂਹ ਪੈਰੀ ਮੋੜਿਆ ਜਾ ਸਕੇ ।