ਡਾਕਟਰ ਮੁਲਤਾਨੀ ਨੇ ਸਿਹਤ ਡਾਇਰੈਕਟਰ ਦੇ ਨੌਕਰੀ ਵਾਧੇ 'ਤੇ ਸਵਾਲ ਉਠਾਏ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਜੁਲਾਈ 2026: ਸਾਬਕਾ ਸਿਵਲ ਸਰਜਨ ਅਤੇ ਸਮਾਜ ਸੇਵੀ ਡਾ. ਦਲੇਰ ਸਿੰਘ ਮੁਲਤਾਨੀ ਨੇ ਮੌਜੂਦਾ ਸਿਹਤ ਡਾਇਰੈਕਟਰ ਨੂੰ ਰਿਟਾਇਰਮੈਂਟ ਉਮਰ ਪੂਰੀ ਹੋਣ ਮਗਰੋਂ ਵੀ ਅਹੁਦੇ ਉਪਰ ਬਣਾਈ ਰੱਖਣ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਦੇ ਨੌਕਰੀ ਦੇ ਵਾਧੇ ਸਬੰਧੀ ਕਾਨੂੰਨੀ ਅਤੇ ਪ੍ਰਸ਼ਾਸਕੀ ਆਧਾਰ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਡਾਕਟਰ ਮੁਲਤਾਨੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2020 ਵਿੱਚ ਜਾਰੀ ਨੀਤੀ ਅਨੁਸਾਰ ਏ, ਬੀ ਅਤੇ ਸੀ ਗਰੁੱਪ ਦੇ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ 58 ਸਾਲ ਨਿਰਧਾਰਤ ਕੀਤੀ ਗਈ ਹੈ ਤੇ ਜੇ ਇਹ ਨੀਤੀ ਆਮ ਮੁਲਾਜ਼ਮਾਂ ’ਤੇ ਲਾਗੂ ਹੁੰਦੀ ਹੈ ਤਾਂ ਫਿਰ ਮੌਜੂਦਾ ਸਿਹਤ ਡਾਇਰੈਕਟਰ ਲਈ ਵੱਖਰਾ ਮਾਪਦੰਡ ਕਿਉਂ ਅਪਣਾਇਆ ਗਿਆ? ਡਾ. ਮੁਲਤਾਨੀ ਨੇ ਕਿਹਾ ਕਿ ਜੇ ਸਰਕਾਰ ਨੇ ਕਿਸੇ ਵਿਸ਼ੇਸ਼ ਕਾਰਨ ਕਰਕੇ ਸੇਵਾ ਵਿੱਚ ਵਾਧਾ ਦਿੱਤਾ ਹੈ ਤਾਂ ਉਹ ਕਾਰਨ, ਨੋਟੀਫਿਕੇਸ਼ਨ ਅਤੇ ਯੋਗਤਾ ਦੇ ਮਾਪਦੰਡ ਵੀ ਲੋਕਾਂ ਸਾਹਮਣੇ ਰੱਖੇ ਜਾਣ। ਲੋਕਤੰਤਰ ਵਿੱਚ ਨਿਯਮਾਂ ਨਾਲੋਂ ਵੱਡਾ ਕੋਈ ਵਿਅਕਤੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਕਈ ਸੀਨੀਅਰ ਡਿਪਟੀ ਡਾਇਰੈਕਟਰ ਅਤੇ ਸਿਵਲ ਸਰਜਨ ਤਰੱਕੀ ਦੀ ਉਡੀਕ ਕਰ ਰਹੇ ਹਨ। ਇੱਕ ਅਹੁਦੇ ’ਤੇ ਲੰਬੇ ਸਮੇਂ ਤੱਕ ਇੱਕੋ ਵਿਅਕਤੀ ਨੂੰ ਬਣਾਈ ਰੱਖਣਾ ਨਾ ਸਿਰਫ਼ ਉਨ੍ਹਾਂ ਦੇ ਹੱਕਾਂ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪਾਰਦਰਸ਼ੀ ਪ੍ਰਸ਼ਾਸਨ ਉੱਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਉੱਚ ਅਹੁਦੇ ਦੀ ਅਸਲ ਗਰਿਮਾ ਨਿਯਮਾਂ ਦੀ ਪਾਲਣਾ, ਨਿਰਪੱਖਤਾ ਅਤੇ ਨੈਤਿਕਤਾ ਨਾਲ ਬਣਦੀ ਹੈ, ਨਾ ਕਿ ਅਹੁਦੇ ’ਤੇ ਬਣੇ ਰਹਿਣ ਨਾਲ। ਡਾ. ਮੁਲਤਾਨੀ ਨੇ ਇਹ ਵੀ ਕਿਹਾ ਕਿ ਉਹ ਖੁਦ ਅਤੇ ਕੁਝ ਹੋਰ ਸਿਵਲ ਸਰਜਨਾਂ ਕੋਲ ਭਾਵੇਂ ਨੌਕਰੀ ਵਾਧੇ ਦੀ ਸੰਭਾਵਨਾ ਮੌਜੂਦ ਸੀ ਪਰ ਉਨ੍ਹਾਂ ਫਿਰ ਵੀ ਆਪਣੇ ਤੋਂ ਬਾਅਦ ਉਡੀਕ ਕਰ ਰਹੇ ਅਧਿਕਾਰੀਆਂ ਦੇ ਹਿੱਤ ਨੂੰ ਪਹਿਲ ਦਿੰਦਿਆਂ ਸੇਵਾ ਵਾਧਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਹੀ ਪ੍ਰਸ਼ਾਸਕੀ ਮਰਿਆਦਾ ਅਤੇ ਜ਼ਮੀਰ ਦੀ ਆਵਾਜ਼ ਹੁੰਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਅਪਣਾਈ ਜਾਵੇ ਅਤੇ ਜੇਕਰ ਸੇਵਾ ਵਾਧਾ ਦਿੱਤਾ ਗਿਆ ਹੈ ਤਾਂ ਉਸ ਦਾ ਕਾਨੂੰਨੀ ਆਧਾਰ ਅਤੇ ਸਰਕਾਰੀ ਹੁਕਮ ਜਨਤਕ ਕੀਤੇ ਜਾਣ।
- Download Babushahi App
-
-