ਜਿਮਨੀ ਚੋਣ: ਕੰਪਿਊਟਰ ਅਧਿਆਪਕਾਂ ਵੱਲੋਂ ਲੁਧਿਆਣਾ ’ਚ ਰੋਸ ਰੈਲੀ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 2ਜੂਨ 2025: ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਐਲਾਨ ਕੀਤਾ ਹੈ ਕਿ ਲਗਾਤਾਰ 20 ਸਾਲ ਸੇਵਾਵਾਂ ਨਿਭਾਉਣ ਦੇ ਬਾਵਜੂਦ ਪੰਜਾਬ ਦੀ ਆਪ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਾਅਦਾਖਿਲਾਫੀਆਂ ਅਤੇ ਬੇਵਫਾਈਆਂ ਤੋਂ ਅੱਕ ਕੇ ਹਾਕਮ ਧਿਰ ਨੂੰ ਸਿਆਸੀ ਸੱਟ ਮਾਰਨ ਲਈ ਜਿਮਨੀ ਚੋਣ ਮੌਕੇ ਲੁਧਿਆਣਾ ਪੱਛਮੀ ਹਲਕੇ ਵਿੱਚ 5 ਜੂਨ ਨੂੰ ਰੋਸ ਰੈਲੀ ਕੀਤੀ ਜਾਏਗੀ। ਸੰਘਰਸ਼ ਕਮੇਟੀ ਆਗੂ ਗੁਰਬਖਸ਼ ਲਾਲ ਨੇ ਦੱਸਿਆ ਕਿ 20 ਸਾਲਾਂ ਦੀ ਸਰਵਿਸ ਪੂਰੀ ਹੋਣ ਦੇ ਬਾਵਜੂਦ ਅਤੇ ਹਾਈਕੋਰਟ ਦੇ ਡਬਲ ਬੈੱਚ ਵੱਲੋ 25 ਫਰਵਰੀ 2025 ਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਦਿੱਤੇ ਇਤਿਹਾਸਕ ਫੈਸਲੇ ਦੇ ਬਾਵਜੂਦ 6640 ਕੰਪਿਊਟਰ ਅਧਿਆਪਕ ਅੱਜ ਵੀ ਆਪਣੇ ਜਾਇਜ ਹੱਕਾਂ ਤੋਂ ਵਾਂਝੇ ਹਨ।
ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪ ਸੁਪਰੀਮੋ ਵੱਲੋ ਚੋਣ ਮੈਨੀਫੇਸਟੋ ਵਿੱਚ ਕੀਤੇ ਐਲਾਨ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਦੇ ਅਧਿਕਾਰਤ ਐਲਾਨ ਨੂੰ ਪੂਰਾ ਕਰਵਾਉਣ ਦੀ ਲੜਾਈ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਤੱਕ ਨਾ ਤਾਂ ਕੰਪਿਊਟਰ ਅਧਿਆਪਕਾਂ ’ਤੇ ਬਾਕੀ ਮੁਲਾਜਮਾਂ ਵਾਂਗ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕੀਤੇ ਹਨ, ਨਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਹੈ ਅਤੇ ਨਾ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 107 ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਕੋਈ ਵਿੱਤੀ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੋ ਤੱਕ ਕਿ 4 ਕੰਪਿਊਟਰ ਅਧਿਆਪਕ ਬਿਨਾਂ ਕਿਸੇ ਵਿੱਤੀ ਲਾਭ ਮਿਲੇ ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਖਾਲੀ ਹੱਥ ਰਿਟਾਇਰ ਤੱਕ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣਾ ਲਿਆ ਗਿਆ ਰਾਜਨੀਤਿਕ ਫੈਸਲਾ ਕਿ ‘ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੇ ਫੈਸਲੇ ’ ਨੂੰ ਅਫਸਰਸ਼ਾਹੀ ਦੇ ਦਬਾਅ ਹੇਠ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜਿਅਲ ਅਤੇ ਬੇਰੁਖੀ ਵਾਲੇ ਰਵੱਈਏ ਅਤੇ ਸਿੱਖਿਆ ਮੰਤਰੀ ਪੰਜਾਬ ਦੇ 15 ਸਤੰਬਰ ਦੇ ਕੀਤੇ ਐਲਾਨ ਤੋਂ ਲਗਾਤਾਰ ਭੱਜਣ ਕਰਕੇ ਸੰਘਰਸ਼ ਕਮੇਟੀ 5 ਜੂਨ ਨੂੰ ਲੁਧਿਆਣਾ ਵਿਖੇ ਸੂਬਾਈ ਰੈਲੀ ਕਰ ਜਾ ਰਹੀ ਹੈ ਜਿਸ ਵਿਚ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਗੇ ਅਤੇ ਡੀਸੀ ਦਫਤਰ ਲੁਧਿਆਣਾ ਤੋਂ ਹਾਕਮ ਧਿਰ ਦੇ ਉਮੀਦਵਾਰ ਸੰਜੀਵ ਕੁਮਾਰ ਅਰੋੜਾ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਜਾਏਗਾ ।
ਉਨ੍ਹਾਂ ਕਿਹਾ ਕਿ ਇਸ ਰੋਸ ਪ੍ਰੋਗਰਾਮ ਦੌਰਾਨ ਭਰਾਤਰੀ ਅਧਿਆਪਕ ਜੱਥੇਬੰਦੀਆਂ ਤੋਂ ਇਲਾਵਾ ਹੋਰ ਵੀ ਵੱਖ ਵੱਖ ਜੱਥੇਬੰਦੀਆਂ ਸ੍ਰਮੂਲੀਅਤ ਕਰਨਗੀਆਂ। ਉਨ੍ਹਾਂ ਸਾਫ ਕੀਤਾ ਕਿ ਜੇਕਰ ਸਮਾਂ ਰਹਿੰਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਬਹਾਲ ਨਾ ਕੀਤੇ ਗਏ ਤਾਂ ਲੁਧਿਆਣਾ ਜਿਮਨੀ ਚੋਣ ਵਿੱਚ ਪੰਜਾਬ ਸਰਕਾਰ ਦੇ ਹਰ ਮੰਤਰੀ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦੀ ਹੋਵੇਗੀ। ਮੀਟਿੰਗ ਵਿੱਚ ਜੋਨੀ ਸਿੰਗਲਾ, ਸੁਮੀਤ ਗੋਇਲ, ਸ਼ੇਫੀ ਗੋਇਲ ਅਤੇ ਕਮਲਜੀਤ ਸਿੰਘ, ਆਦਿ ਆਗੂ ਮੌਜੂਦ ਸਨ।