ਜ਼ਿਲ੍ਹਾ ਖੇਤੀਬਾੜੀ ਵਿਭਾਗ ਬਠਿੰਡਾ ਨੇ ਸਾਊਣੀ ਦੀਆਂ ਫਸਲਾਂ ਲਈ ਕਿਸਾਨ ਸਿਖਲਾਈ ਕੈਂਪ ਲਾਇਆ
ਕਿਸਾਨਾਂ ਨੂੰ ਅਪੀਲ ਪਿੰਡ ਪੱਧਰ ਤੇ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਦਾ ਲਿਆ ਜਾਵੇ ਲਾਹਾ
ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਬਠਿੰਡਾ ਵੱਲੋਂ ਨੂੰ ਸਾਉਣੀ 2026 ਦੀਆਂ ਫ਼ਸਲਾਂ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਾਰਡ ਰਾਮਾ ਹਾਲ, ਦਾਣਾ ਮੰਡੀ ਬਠਿੰਡਾ ਵਿਖੇ ਲਗਾਇਆ ਗਿਆ। ਕਿਸਾਨ ਮੇਲੇ ਵਿੱਚ ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਕਿਸਾਨ ਮੇਲੇ ਦੀ ਪ੍ਰਧਾਨਗੀ ਕਰ ਰਹੇ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ. ਬਠਿੰਡਾ (ਸ਼ਹਿਰੀ) ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇ ਅਤੇ ਵਾਤਾਵਰਣ ਦੂਸ਼ਿਤ ਨਾ ਹੋਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ।
ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਮਾਸਟਰ ਜਗਸੀਰ ਸਿੰਘ, ਐਮ.ਐਲ.ਏ. ਭੁੱਚੋ ਨੇ ਕਿਹਾ ਕਿ ਕਿਸਾਨ ਭਰਾ ਖੇਤੀ ਖਰਚੇ ਘੱਟ ਕਰਨ, ਵਧੇਰੇ ਝਾੜ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਹਮੇਸ਼ਾ ਵਿਭਾਗ ਦੀ ਸਿਫਾਰਸ਼ ਅਨੁਸਾਰ ਹੀ ਖੇਤੀ ਇਨਪੁਟਸ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ।
ਡਾ. ਹਰਬੰਸ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਮੇਲੇ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਭਰਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਿਸਾਨ ਹਿੱਤ ਵਿੱਚ ਚਲਾਈਆ ਜਾਂਦੀਆਂ ਸਕੀਮਾਂ ਅਤੇ ਨਵੀਆਂ ਉਤਪਾਦਨ ਤਕਨੀਕਾਂ ਲਈ ਇਹ ਜਿਲ੍ਹਾ ਪੱਧਰੀ, ਬਲਾਕ ਪੱਧਰੀ ਅਤੇ ਪਿੰਡ ਪੱਧਰੀ ਕਿਸਾਨ ਮੇਲੇ/ ਕੈਂਪ ਲਗਾਏ ਜਾਂਦੇ ਹਨ। ਇਸ ਲਈ ਉਹਨਾਂ ਨੇ ਸਮੂਹ ਕਿਸਾਨ ਭਰਾਵਾਂ ਨੂੰ ਇਹੋ ਜਿਹੇ ਤਕਨੀਕੀ ਜਾਣਕਾਰੀ ਭਰਪੂਰ ਕਿਸਾਨ ਮੇਲਿਆਂ ਵਿੱਚ ਭਾਗ ਲੈਣ ਲਈ ਅਪੀਲ ਕੀਤੀ।
ਡਾ. ਪ੍ਰਭਜੋਤ ਕੌਰ, ਜਿਲ੍ਹਾ ਸਿਖਲਾਈ ਅਫਸਰ, ਬਠਿੰਡਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਿੰਡ ਪੱਧਰ ਤੇ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਵੱਧ ਤੋਂ ਵੱਧ ਭਾਗ ਲਿਆ ਜਾਵੇ ਤਾਂ ਜੋ ਖੇਤੀਬਾੜੀ ਸਬੰਧੀ ਨਵੀਂਆਂ ਤਕਨੀਕਾਂ ਅਤੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਹੋ ਸਕੇ।
ਡਾ. ਤੇਜਦੀਪ ਕੌਰ, ਪ੍ਰੋਜੈਕਟ ਡਾਇਰੈਕਟਰ ਆਤਮਾ, ਬਠਿੰਡਾ ਵੱਲੋਂ ਵਿਭਾਗ ਵਿੱਚ ਚੱਲ ਰਹੀ ਆਤਮਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਾਉਣੀ 2026 ਦੀਆਂ ਫਸਲਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ ਰਿਜਨਲ ਰਿਸਰਚ ਸੈਂਟਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਐਫ.ਏ.ਐਸ.ਐਸ. ਬਠਿੰਡਾ ਤੋਂ ਪਹੁੰਚੇ ਸਾਇੰਸਦਾਨਾਂ ਡਾ.ਹਰਜੀਤ ਸਿੰਘ ਬਰਾੜ ਐਗਰੋਨੋਮਿਸਟ ਨੇ ਸਾਉਣੀ ਦੀਆਂ ਫਸਲਾਂ ਸਬੰਧੀ, ਡਾ. ਪ੍ਰਿਤਪਾਲ ਸਿੰਘ (ਸੁਆਇਲ ਸਾਇੰਸ) ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੇ ਪ੍ਰਬੰਧਨ ਸਬੰਧੀ, ਡਾ. ਜ਼ਸਜਿੰਦਰ ਕੌਰ ਐਟੋਮੋਲੋਜਿਸਟ ਨੇ ਨਰਮੇ ਦੇ ਰਸ ਚੂਸਣ ਵਾਲੇ ਕੀੜਿਆਂ ਸਬੰਧੀ, ਡਾ. ਜਸਰੀਤ ਕੌਰ ਐਂਟੋਮੋਲੋਜਿਸਟ ਨੇ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ, ਡਾ. ਚੇਤਕ ਬਿਸ਼ਨੋਈ (ਬਾਗਬਾਨੀ) ਨੇ ਬਾਗਾਂ ਦੀ ਸਾਂਭ—ਸੰਭਾਲ ਸਬੰਧੀ, ਡਾ. ਕਰਮਜੀਤ ਸਿੰਘ ਸੇਖੋਂ ਨੇ ਖੇਤੀ ਅਰਥ ਚਾਰੇ ਸਬੰਧੀ, ਡਾ. ਗੋਮਤੀ ਗਰੋਵਰ ਪਲਾਂਟ ਬਰੀਡਰ ਨੇ ਸਾਉਣੀ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਿਸਾਨ ਮੇਲੇ ਵਿੱਚ ਡਾ. ਧਰਮਪਾਲ ਮੌਰੀਆ (ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ))ਪੰਜਾਬ, ਡਾ. ਗੁਰਬਿੰਦਰ ਸਿੰਘ ਸੰਧੂ (ਸੀਨੀਅਰ ਐਨਾਲਿਸਟ), ਡਾ. ਅੰਗਰੇਜ਼ ਸਿੰਘ , ਡਾ. ਗੁਰਪ੍ਰੀਤ ਕੌਰ, ਡਾ. ਰੁਪੇਸ਼ ਅਰੌੜਾ, ਡਾ. ਨਵੀਨ ਗਰਗ, ਸਮੂਹ ਬਲਾਕ ਖੇਤੀਬਾੜੀ ਅਫਸਰ, ਭੂਮੀ ਪਰਖ ਅਫਸਰ, ਬਠਿੰਡਾ ਅਤੇ ਰਾਮਪੁਰਾ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ ਅਤੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
ਜਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਵੱਖ—ਵੱਖ ਵਿਭਾਗਾਂ ਜਿਵੇਂ ਕਿ ਬਾਗਬਾਨੀ, ਪਸ਼ੂ—ਪਾਲਣ, ਮਾਰਕਫੈਡ, ਪੰਜਾਬ ਐਗਰੋ, ਸਿਹਤ ਵਿਭਾਗ ਅਤੇ ਜ਼ਿਲ੍ਹੇ ਦੇ ਖੇਤੀ ਜਿਣਸਾਂ ਤੋਂ ਉਤਪਾਦ ਬਣਾ ਕੇ ਵੇਚਣ ਵਾਲੇ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਕਿਸਾਨ ਮੇਲੇ ਦੌਰਾਨ ਸਟੇਜ਼ ਸੰਚਾਲਨ ਡਾ. ਹਰਦੀਪ ਸਿੰਘ ਟਰੇਨਿੰਗ ਅਫਸਰ, ਬਠਿੰਡਾ ਅਤੇ ਡਾ. ਹਰਜ਼ਸਪਾਲ ਸ਼ਰਮਾ, ਖੇਤੀਬਾੜੀ ਅਫਸਰ, ਬਠਿੰਡਾ ਵੱਲੋਂ ਕੀਤਾ ਗਿਆ।
ਅਖੀਰ ਵਿੱਚ ਡਾ. ਦਵਿੰਦਰ ਸਿੰਘ ਸੰਧੂ, ਸਹਾਇਕ ਪੌਦਾ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਸਮੂਹ ਸਟਾਫ ਦੀ ਤਰਫੋਂ ਮੇਲੇ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
Click to Follow Babushahi Facebook page →