ਜਲ ਸਰੋਤ ਮੰਤਰੀ ਵੱਲੋਂ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦੀ ਜ਼ਮੀਨੀ ਪੱਧਰ 'ਤੇ ਚੈਕਿੰਗ ਕਰਨ ਦੇ ਨਿਰਦੇਸ਼
- ਬਰਿੰਦਰ ਗੋਇਲ ਵੱਲੋਂ ਭਾਖੜਾ ਮੇਨ ਲਾਈਨ 'ਚ ਪਸਿਆਣਾ ਨੇੜੇ ਹੋਈ ਲੀਕੇਜ ਵਾਲੇ ਸਥਾਨ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ
- ਜਲ ਸਰੋਤ ਵਿਭਾਗ ਦੀ ਚੌਕਸੀ ਸਦਕਾ ਵੱਡਾ ਹਾਦਸਾ ਟਲਿਆ : ਬਰਿੰਦਰ ਗੋਇਲ
ਪਟਿਆਲਾ, 24 ਮਈ 2025 - ਪੰਜਾਬ ਦੇ ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਜ਼ਮੀਨੀ ਪੱਧਰ 'ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਹਿਰਾਂ ਵਿੱਚ ਲੀਕੇਜ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ। ਉਹ ਅੱਜ ਭਾਖੜਾ ਮੇਨ ਲਾਈਨ ਵਿੱਚ ਪਟਿਆਲਾ ਦੇ ਪਿੰਡ ਪਸਿਆਣਾ ਨੇੜੇ ਸਵੇਰੇ ਕਰੀਬ 6 ਵਜੇ ਹੋਈ ਲੀਕੇਜ ਵਾਲੇ ਸਥਾਨ 'ਤੇ ਚੱਲ ਰਹੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਗਈ ਕਿ ਵਿਭਾਗ ਦੀ ਚੌਕਸੀ ਸਦਕਾ ਸਮੇਂ ਰਹਿੰਦਿਆਂ ਭਾਖੜਾ ਮੇਨ ਲਾਈਨ 'ਚ ਹੋਈ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭਾਖੜਾ ਮੇਨ ਲਾਈਨ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਇਸ ਵਿੱਚ ਪਾਣੀ ਘਟਾਇਆ ਗਿਆ ਸੀ ਅਤੇ ਜਦ 21 ਮਈ ਨੂੰ ਦੁਬਾਰਾ ਪਾਣੀ ਛੱਡਿਆ ਗਿਆ ਤਾਂ ਪਸਿਆਣਾ ਨੇੜੇ ਲੀਕੇਜ ਦਾ ਪਤਾ ਲੱਗਿਆ ਤਾਂ ਅਧਿਕਾਰੀਆਂ ਨੇ ਫੁਰਤੀ ਦਿਖਾਉਂਦੇ ਹੋਏ ਇਸ ਨੂੰ ਤੁਰੰਤ ਪਲੱਗ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਤੇ ਅਧਿਕਾਰੀਆਂ ਵੱਲੋਂ ਪੂਰੀ ਲਾਈਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੁਬਾਰਾ ਅਜਿਹੀ ਲੀਕੇਜ ਨਾ ਹੋਵੇ।
ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਕਿਹਾ ਕਿ ਅਕਸਰ ਨਹਿਰਾ ਵਿੱਚ ਪਾਣੀ ਘਟਣ ਸਮੇਂ ਚੂਹਿਆਂ ਵੱਲੋਂ ਖੱਡਾਂ ਬਣਾ ਲਈਆਂ ਜਾਂਦੀਆਂ ਹਨ ਜਿਸ ਕਾਰਨ ਲੀਕੇਜ ਦੀ ਸਮੱਸਿਆ ਆ ਜਾਂਦੀ ਹੈ। ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅਧਿਕਾਰੀਆਂ ਨੂੰ ਭਾਖੜਾ ਮੇਨ ਲਾਈਨ ਤੇ ਦੋਵੇਂ ਪਾਸਿਆਂ ਦੀ ਪੂਰੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਕਮਜ਼ੋਰ ਕਿਨਾਰਾ ਹੈ ਉਸਦੀ ਮੁਰੰਮਤ ਤੁਰੰਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਲੀਕੇਜ ਨਾ ਹੋਵੇ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ, ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਲੀਕੇਜ ਦਾ ਮਾਮਲਾ ਸਾਹਮਣੇ ਨਾ ਆਵੇ।
ਬਰਿੰਦਰ ਗੋਇਲ ਨੇ ਦੱਸਿਆ ਕਿ 21 ਮਈ ਤੋਂ ਬਾਅਦ ਨਹਿਰ ਵਿੱਚ 11,700 ਕਿਊਸਿਕ ਪਾਣੀ ਚੱਲਣਾ ਸੀ ਅਤੇ ਕਰੀਬ 11 ਹਜ਼ਾਰ ਕਿਊਸਿਕ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਲੀਕੇਜ ਕਾਰਨ ਕੁਝ ਪਾਣੀ ਘਟਾਉਣਾ ਪਿਆ ਹੈ ਜੋ ਪੂਰੀ ਚੈਕਿੰਗ ਕਰਨ ਉਪਰੰਤ ਦੁਬਾਰਾ ਪੂਰੀ ਸਮਰੱਥਾ ਮੁਤਾਬਕ ਛੱਡਿਆ ਜਾਵੇਗਾ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਚੀਫ਼ ਇੰਜੀਨੀਅਰ ਸ਼ੇਰ ਸਿੰਘ, ਐਸ.ਈ ਸੁਖਜੀਤ ਸਿੰਘ ਭੁੱਲਰ, ਐਸ.ਈ. ਅੰਕਿਤ ਧੀਰ, ਐਕਸੀਅਨ ਗੁਰਸ਼ਰਨ ਸਿੰਘ ਵਿਰਕ, ਐਸ.ਡੀ.ਓ ਅਸ਼ੀਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।