ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2026 : ਬਠਿੰਡਾ ਵਿੱਚ ਲੰਮੇ ਸਮੇਂ ਤੋਂ ਫ਼ਰਜ਼ੀ ਕੇਸਾਂ ਵਿੱਚ ਬੰਦ ਕੀਤੇ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈਕੇ ਦਿੱਤੇ ਜਾ ਰਹੇ ਧਰਨੇ, ਅਤੇ ਰੋਸ ਪਰਗਟ ਕਰਨ ਆ ਰਹੇ ਕਿਸਾਨਾਂ ਉੱਤੇ ਪੁਲਿਸ ਵਲੋਂ ਕੀਤਾ ਗਿਆ, ਬੇਤਹਾਸ਼ਾ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਖਿੰਡਾਉਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ, ਅਤੇ ਇਹ ਨਿਆਂ ਦੀ ਮੰਗ ਦਾ ਗਲਾ ਘੁੱਟਣ ਦੇ ਸਮਾਨ ਹੈ।ਜਮਹੂਰੀ ਅਧਿਕਾਰ ਸਭਾ ਪੰਜਾਬ ਸਰਕਾਰ ਦੇ ਇਸ ਜਾਬਰ ਰਵਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਅਤੇ ਆਪਣੀਆਂ ਸਾਰੀਆਂ ਇਕਾਈਆਂ ਅਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਇਸ ਵਿਰੁੱਧ ਹਰ ਸੰਭਵ ਢੰਗ ਨਾਲ ਰੋਸ ਪਰਗਟ ਕਰਨ ਦਾ ਸੱਦਾ ਦਿੰਦੀ ਹੈ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪ੍ਰਧਾਨ, ਜਗਮੋਹਨ ਸਿੰਘ,ਅਤੇ ਸੱਕਤਰ ਪ੍ਰਿਤਪਾਲ ਸਿੰਘ ਤੇ ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਦੇ ਮੱਦੇ ਨਜ਼ਰ ਪਹਿਲਾਂ ਤਾਂ ਪੁਲਿਸ ਨੇ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਕਿਸਾਨਾਂ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਜਦੋਂ ਕਿਸਾਨ ਧਰਨਾ ਦੇਣ ਲਈ ਆ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਡਾਂਗਾਂ ਚਲਾਈਆਂ ਅਤੇ ਅਥਰੂ ਗੈਸ ਦੇ ਗੋਲੇ ਚਲਾਏ ਹਨ।ਸਭਾ ਆਗੂਆਂ ਨੇ ਕਿਹਾ ਨਿਆਂ ਦੀ ਮੰਗ ਨੂੰ ਲੈਕੇ ਰੋਸ ਪਰਗਟ ਕਰਨ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ, ਸਰਕਾਰ ਨੇ ਪੁਲਿਸ ਦੀ ਅੰਨ੍ਹੀ ਵਰਤੋਂ ਕਰਕੇ ਨਾ ਸਿਰਫ ਉਹਨਾਂ ਦੇ ਇਸ ਅਧਿਕਾਰ ਨੂੰ ਕੁਚਲਿਆ ਹੈ,ਸਗੋਂ ਲੋਕਾਂ ਦੀ ਆਵਾਜ਼ ਤੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਦੀ ਕਿ ਸਰਕਾਰ ਅਤੇ ਅਧਿਕਾਰੀ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਦੇ, ਪਰ ਹਕੂਮਤ ਵਲੋਂ ਵਰਤੀ ਅੰਨ੍ਹੀ ਤਾਕਤ ਨੇ ਮਸਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ। ਆਗੂਆਂ ਨੇ ਇਨਸਾਫ ਪਸੰਦ ਤਾਕਤਾਂ ਨੂੰ ਇਸ ਵਿਰੁੱਧ ਜੋ ਜੋਰਦਾਰ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਹੈ।