ਜਮਹੂਰੀ ਅਧਿਕਾਰ ਸਭਾ ਦੇ ਇਜਲਾਸ ਦੌਰਾਨ ਬੱਗਾ ਸਿੰਘ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਸਕੱਤਰ ਚੁਣੇ
ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2026: ਜਮਹੂਰੀ ਅਧਿਕਾਰ ਸਭਾ, ਇਕਾਈ ਬਠਿੰਡਾ ਦਾ ਜ਼ਿਲ੍ਹਾ ਇਜਲਾਸ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਹੋਇਆ, ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੀ ਮੈਂਬਰਸ਼ਿਪ ਨੇ ਸ਼ਮੂਲੀਅਤ ਕੀਤੀ। ਇਜਲਾਸ ਦੀ ਪ੍ਰਧਾਨਗੀ ਜ਼ਿਲ੍ਹਾ ਸਕੱਤਰੇਤ ਨੇ ਪ੍ਰੀਜ਼ੀਡੀਅਮ ਦੇ ਰੂਪ ਵਿੱਚ ਕੀਤੀ।
ਇਜਲਾਸ ਦੇ ਆਰੰਭ ਵਿੱਚ ਪਿਛਲੇ ਸੈਸ਼ਨ ਦੌਰਾਨ ਵਿਛੋੜਾ ਦੇ ਗਏ ਸਭਾ ਦੇ ਆਗੂ ਐਨ.ਕੇ. ਜੀਤ ਸਮੇਤ ਸਮੂਹ ਵਿਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਮੌਨ ਧਾਰਿਆ ਗਿਆ। ਸਭਾ ਦੇ ਪ੍ਰਧਾਨ ਬੱਗਾ ਸਿੰਘ ਨੇ ਮੈਂਬਰਾਂ ਦਾ ਸਵਾਗਤ ਕਰਦਿਆਂ ਇਜਲਾਸ ਦੀ ਮਹੱਤਤਾ ਅਤੇ ਮੌਜੂਦਾ ਹਾਲਾਤ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਨੂੰ ਮਜ਼ਬੂਤ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।
ਸਭਾ ਦੇ ਸਕੱਤਰ ਸੁਦੀਪ ਸਿੰਘ ਨੇ ਸੈਸ਼ਨ 2024-26 ਦੀ ਮੁਲਾਂਕਣ ਅਤੇ ਸਰਗਰਮੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਕੌਮੀ-ਕੌਮਾਂਤਰੀ ਹਾਲਾਤ, ਜਮਹੂਰੀ ਹੱਕਾਂ ਉੱਪਰ ਵਧ ਰਹੇ ਰਾਜਕੀ ਅਤੇ ਕਾਰਪੋਰੇਟੀ ਹਮਲਿਆਂ ਤੋਂ ਇਲਾਵਾ ਇਕਾਈ ਵੱਲੋਂ ਕੀਤੀਆਂ ਤੱਥ-ਖੋਜ ਪੜਤਾਲਾਂ, ਜਾਰੀ ਕੀਤੀਆਂ ਰਿਪੋਰਟਾਂ, ਜਨਤਕ ਮੁਹਿੰਮਾਂ, ਕਨਵੈਨਸ਼ਨਾਂ ਅਤੇ ਸਰਗਰਮੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਰਿਪੋਰਟ ਵਿੱਚ ਜਥੇਬੰਦੀ ਦੀਆਂ ਪ੍ਰਾਪਤੀਆਂ ਦੇ ਨਾਲ ਕਮੀਆਂ ਅਤੇ ਭਵਿੱਖੀ ਕਾਰਜਾਂ ਬਾਰੇ ਵੀ ਵਿਚਾਰ ਰੱਖੇ ਗਏ।
ਰਿਪੋਰਟ ਉੱਪਰ ਹੋਈ ਵਿਚਾਰ-ਚਰਚਾ ਵਿੱਚ ਸੁਖਦੇਵ ਪਾਂਧੀ, ਜਗਦੇਵ ਸਿੰਘ, ਮਹੇਸ਼ ਕੁਮਾਰ, ਡਾ. ਅਜੀਤਪਾਲ ਸਿੰਘ, ਭੋਲਾ ਸਧਾਣਾ, ਲਛਮਣ ਸਿੰਘ ਮਲੂਕਾ ਮੰਦਰ ਜੱਸੀ, ਭਗਵੰਤ ਸਿੰਘ, ਪ੍ਰਿਤਪਾਲ ਸਿੰਘ, ਪ੍ਰਿੰ: ਰਣਜੀਤ ਸਿੰਘ, ਅਵਤਾਰ ਸਿੰਘ, ਪਵਨ ਜਿੰਦਲ, ਸੁਰਿੰਦਰ ਸਿੰਘ ਵਿਰਦੀ, ਮੋਹਨ ਲਾਲ, ਪ੍ਰੋਫੈਸਰ ਤਰਸੇਮ ਨਰੂਲਾ, ਜਗਮੇਲ ਜਠੌਲ, ਅਸ਼ਵਨੀ ਕੁਮਾਰ, ਭੂਰਾ ਸਿੰਘ ਮਹਿਮਾ ਸਰਜਾ, ਜਸਪਾਲ ਮਾਨਖੇੜਾ, ਜਸਵੀਰ ਕੌਰ, ਪੁਸ਼ਪਲਤਾ, ਗੁਰਚਰਨ ਖੇਮੋਆਣਾ, ਕੁਲਵੰਤ ਕੌਰ, ਮੁਖਤਿਆਰ ਕੌਰ, ਬਿਸ਼ਨਦੀਪ ਕੌਰ, ਸੰਤੋਖ ਸਿੰਘ ਮੱਲਣ, ਬੱਗਾ ਸਿੰਘ, ਗੁਰਤੇਜ ਸਿੰਘ, ਅਮਨਪ੍ਰੀਤ, ਸੁਰਿੰਦਰ ਪ੍ਰੀਤ ਘਣੀਆ, ਅੰਮ੍ਰਿਤਪਾਲ ਮਾੜੀ, ਸੁਖਪਾਲ ਸਿੰਘ ਖਿਆਲੀ ਵਾਲਾ, ਜਗਦੇਵ ਸਿੰਘ ਲਹਿਰਾ ਅਤੇ ਹੋਰਨਾਂ ਨੇ ਨੇ ਭਾਗ ਲਿਆ। ਮੰਦਰ ਜੱਸੀ, ਡਾ. ਬਲਜਿੰਦਰ ਸਿੰਘ, ਡਾ. ਅਜੀਤਪਾਲ ਸਿੰਘ ਅਤੇ ਸੁਖਦੇਵ ਪਾਂਧੀ ਨੇ ਰਿਪੋਰਟ ਸਬੰਧੀ ਤਰਮੀਮਾਂ ਅਤੇ ਸੁਝਾਅ ਪੇਸ਼ ਕੀਤੇ। ਵਿਚਾਰ-ਚਰਚਾ ਉਪਰੰਤ ਰਿਪੋਰਟ ਨੂੰ ਲੋੜੀਂਦੀਆਂ ਤਰਮੀਮਾਂ ਸਮੇਤ ਪਾਸ ਕਰ ਦਿੱਤਾ ਗਿਆ। ਵਿੱਤ ਸਕੱਤਰ ਸੰਤੋਖ ਮੱਲ੍ਹਣ ਨੇ ਸੈਸ਼ਨ ਦੀ ਵਿੱਤ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਵਿਚਾਰ-ਚਰਚਾ ਮਗਰੋਂ ਪ੍ਰਵਾਨ ਕੀਤਾ ਗਿਆ।
ਡਾ. ਅਜੀਤਪਾਲ ਸਿੰਘ ਨੇ ਵੱਖ-ਵੱਖ ਕੌਮੀ, ਕੌਮਾਂਤਰੀ ਅਤੇ ਸਥਾਨਕ ਮਸਲਿਆਂ ਸਬੰਧੀ ਮਤੇ ਪੇਸ਼ ਕੀਤੇ। ਇਜਲਾਸ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਗੁੰਝਲਦਾਰ ਪ੍ਰਕਿਰਿਆ, ਸਾਮਰਾਜੀ ਜੰਗਾਂ, ਭਾਰਤ-ਅਮਰੀਕਾ ਵਪਾਰਕ ਸਮਝੌਤੇ, ਆਦਿਵਾਸੀਆਂ ਦੇ ਜਲ-ਜੰਗਲ-ਜ਼ਮੀਨ ਉੱਪਰ ਹਮਲਿਆਂ, ਬਿਜਲੀ ਦੇ ਨਿੱਜੀਕਰਨ, ਮਨਰੇਗਾ ਅਤੇ ਕਿਰਤ ਹੱਕਾਂ ਉੱਪਰ ਹਮਲਿਆਂ, ਪੰਜਾਬ ਦੀ ਲੈਂਡ ਪੂਲਿੰਗ ਨੀਤੀ ਅਤੇ ਵਧ ਰਹੇ ਰਾਜਕੀ ਜਬਰ ਵਿਰੁੱਧ ਮਤੇ ਪ੍ਰਵਾਨ ਕੀਤੇ।
ਇਜਲਾਸ ਨੇ ਮਾਈਸਰਖਾਨਾ ਅਤੇ ਹਰਰਾਏਪੁਰ ਨੇੜੇ ਸੀਮੈਂਟ ਫੈਕਟਰੀਆਂ ਲਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਦੀ ਰਾਖੀ ਦੀ ਮੰਗ ਕੀਤੀ। ‘ਸਤਲੁਜ’ ਨੂੰ ਪ੍ਰਸਾਰਨ ਮੰਚ ਤੋਂ ਹਟਾਉਣ ਦੀ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਚੰਦਭਾਨ ਅਤੇ ਦਾਨ ਸਿੰਘ ਵਾਲਾ ਵਿਖੇ ਦਲਿਤਾਂ ਉੱਪਰ ਜਬਰ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ, ਦਲਿਤਾਂ ਅਤੇ ਔਰਤਾਂ ਉੱਪਰ ਅੱਤਿਆਚਾਰ ਬੰਦ ਕਰਨ ਅਤੇ ਯੂਏਪੀਏ ਤਹਿਤ ਲੰਮੇ ਸਮੇਂ ਤੋਂ ਬੰਦ ਉਮਰ ਖਾਲਿਦ ਤੇ ਹੋਰ ਸਿਆਸੀ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੇ ਚੋਣ ਅਬਜ਼ਰਵਰ ਵਜੋਂ ਨਵੀਂ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਕਰਵਾਈ। ਸੈਸ਼ਨ 2026-28 ਲਈ ਚੁਣੀ ਗਈ 15 ਮੈਂਬਰੀ ਕਾਰਜਕਾਰਨੀ ਵਿੱਚ ਪ੍ਰਧਾਨ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਵਿਤ ਸਕੱਤਰ ਸੰਤੋਖ ਮੱਲ੍ਹਣ, ਮੀਤ ਸਕੱਤਰ ਅਵਤਾਰ ਸਿੰਘ, ਪ੍ਰੈਸ ਸਕੱਤਰ ਸੁਦੀਪ ਸਿੰਘ, ਡਾ. ਅਜੀਤਪਾਲ ਸਿੰਘ, ਪੁਸ਼ਪ ਲਤਾ, ਜਗਦੇਵ ਸਿੰਘ, ਸੁਖਦੇਵ ਪਾਂਧੀ, ਵਿਕਾਸ ਰਾਠੀ, ਬਿਸ਼ਨਦੀਪ ਕੌਰ, ਮੰਦਰ ਜੱਸੀ, ਸਿਕੰਦਰ ਧਾਲੀਵਾਲ ਅਤੇ ਭੋਲਾ ਸਿਧਾਣਾ ਚੁਣੇ ਗਏ। ਇਸ ਮੌਕੇ ਸੂਬਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ।
ਅੰਤ ਵਿੱਚ ਪ੍ਰਧਾਨ ਬੱਗਾ ਸਿੰਘ ਨੇ ਇਜਲਾਸ ਵਿੱਚ ਸ਼ਾਮਲ ਮੈਂਬਰਾਂ, ਚੋਣ ਅਬਜ਼ਰਵਰ ਅਤੇ ਇਜਲਾਸ ਦੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਜਮਹੂਰੀ ਹੱਕਾਂ ਉੱਪਰ ਹੋ ਰਹੇ ਹਮਲਿਆਂ ਵਿਰੁੱਧ ਲੋਕਾਂ ਨੂੰ ਚੇਤਨ ਅਤੇ ਜਥੇਬੰਦ ਕਰਨ ਲਈ ਸਰਗਰਮੀ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ।
- Download Babushahi App
-
-