ਜਗਰਾਉਂ 'ਚ ਹਾਈ-ਵੋਲਟੇਜ ਡਰਾਮਾ: ਪੁਲਿਸ ਤੇ ਕੌਂਸਲ ਦੀ ਖਿੱਚੋਤਾਣ ਦਰਮਿਆਨ 'ਨਸ਼ਾ ਤਸਕਰ' ਦੇ ਘਰ ਕੀਤਾ ਢਾਹ ਢੇਰੀ
ਪਹਿਲਾਂ ਜ਼ਿੰਮੇਵਾਰੀ ਤੋਂ ਭੱਜੇ, ਮੀਡੀਆ ਦੇ ਵਿਰੋਧ ਮਗਰੋਂ ਬਦਲੇ ਸੁਰ;
ਪਰਿਵਾਰ ਨੇ ਕਿਹਾ- ਮਾਮਲਾ ਕੋਰਟ 'ਚ
ਜਗਰਾਉਂ: (ਦੀਪਕ ਜੈਨ)- ਸਥਾਨਕ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇੱਕ ਘਰ ਨੂੰ ਢਾਹੁਣ ਪਹੁੰਚੀ ਪੁਲਿਸ ਅਤੇ ਨਗਰ ਕੌਂਸਲ ਦੀਆਂ ਟੀਮਾਂ ਵਿਚਾਲੇ ਜ਼ਿੰਮੇਵਾਰੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ। ਪਹਿਲਾਂ ਮੀਡੀਆ ਤੋਂ ਲੁਕ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਅਤੇ ਫਿਰ ਮੀਡੀਆ ਨੂੰ ਹੀ ਰੋਕਣ ਕਰਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।ਪਹਿਲੀ ਕੋਸ਼ਿਸ਼ 'ਚ ਪਿੱਛੇ ਹਟੇ, ਇੱਕ-ਦੂਜੇ 'ਤੇ ਸੁੱਟੀ ਜ਼ਿੰਮੇਵਾਰੀਦੁਪਹਿਰ ਵੇਲੇ ਜਦੋਂ ਪ੍ਰਸ਼ਾਸਨਿਕ ਅਮਲਾ ਅਜੇ ਨਾਮਕ ਵਿਅਕਤੀ ਦੇ ਘਰ 'ਤੇ ਬੁਲਡੋਜ਼ਰ ਚਲਾਉਣ ਪਹੁੰਚਿਆ ਤਾਂ ਪਰਿਵਾਰ ਦੇ ਤਿੱਖੇ ਵਿਰੋਧ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ ਅਤੇ ਟੀਮਾਂ ਨੂੰ ਪਿੱਛੇ ਹਟਣਾ ਪਿਆ। ਇਸ ਦੌਰਾਨ ਦੋਵੇਂ ਵਿਭਾਗ ਇੱਕ-ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟਦੇ ਨਜ਼ਰ ਆਏ। ਪੁਲਿਸ ਨੇ ਇਸ ਨੂੰ ਨਗਰ ਕੌਂਸਲ ਦੀ ਕਾਰਵਾਈ ਕਹਿ ਕੇ ਪੱਲਾ ਝਾੜ ਲਿਆ, ਜਦਕਿ ਨਗਰ ਕੌਂਸਲ ਨੇ ਦਾਅਵਾ ਕੀਤਾ ਕਿ ਇਹ ਪੁਲਿਸ ਦੀ 'ਨਸ਼ਿਆਂ ਵਿਰੁੱਧ ਮੁਹਿੰਮ' ਦਾ ਹਿੱਸਾ ਹੈ। ਇਸ ਉਲਝਣ ਤੋਂ ਬਾਅਦ ਦੋਵੇਂ ਟੀਮਾਂ ਬਿਨਾਂ ਕਾਰਵਾਈ ਕੀਤੇ ਵਾਪਸ ਪਰਤ ਗਈਆਂ।ਮੀਡੀਆ ਨੂੰ ਰੋਕਣ 'ਤੇ ਭੜਕੇ ਪੱਤਰਕਾਰ, ਲੱਗੇ 'ਮੁਰਦਾਬਾਦ' ਦੇ ਨਾਅਰੇਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦੇਰ ਬਾਅਦ ਹੀ ਪ੍ਰਸ਼ਾਸਨਿਕ ਟੀਮਾਂ ਨੇ ਦੁਬਾਰਾ ਮੌਕੇ 'ਤੇ ਪਹੁੰਚ ਕੇ ਘਰ ਢਾਹੁਣਾ ਸ਼ੁਰੂ ਕਰ ਦਿੱਤਾ। ਜਦੋਂ ਮੀਡੀਆ ਕਰਮੀ ਕਵਰੇਜ ਲਈ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ 'ਤੇ ਗੁੱਸੇ ਵਿੱਚ ਆਏ ਪੱਤਰਕਾਰਾਂ ਨੇ 'ਪੁਲਿਸ ਪ੍ਰਸ਼ਾਸਨ ਮੁਰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮੀਡੀਆ ਦੇ ਵਧਦੇ ਦਬਾਅ ਹੇਠ ਆਖਰਕਾਰ ਪੁਲਿਸ ਨੂੰ ਪਿੱਛੇ ਹਟਣਾ ਪਿਆ।ਅਚਾਨਕ ਬਦਲੇ ਬਿਆਨ, ਬਣੀ 'ਸਾਂਝੀ ਕਾਰਵਾਈ'ਮੀਡੀਆ ਦੇ ਦਖ਼ਲ ਤੋਂ ਬਾਅਦ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨੇ ਪਲਟੀ ਮਾਰਦਿਆਂ ਆਪਣੇ ਪੁਰਾਣੇ ਬਿਆਨਾਂ ਨੂੰ ਦਰਕਿਨਾਰ ਕਰ ਦਿੱਤਾ। ਹੁਣ ਉਨ੍ਹਾਂ ਨੇ ਇਸ ਨੂੰ 'ਨਜਾਇਜ਼ ਉਸਾਰੀ' ਅਤੇ 'ਨਸ਼ਿਆਂ ਖਿਲਾਫ਼ ਜੰਗ' ਦੀ ਇੱਕ 'ਸਾਂਝੀ ਕਾਰਵਾਈ' ਕਰਾਰ ਦਿੱਤਾ। ਪਹਿਲਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਅਧਿਕਾਰੀਆਂ ਦਾ ਇਹ ਬਦਲਿਆ ਰਵੱਈਆ ਪ੍ਰਸ਼ਾਸਨ ਦੀ ਨੀਅਤ 'ਤੇ ਸ਼ੱਕ ਪੈਦਾ ਕਰਦਾ ਹੈ।ਪੁਲਿਸ ਦਾ ਦਾਅਵਾ: ਅਜੇ 'ਤੇ 6 ਕੇਸ ਦਰਜਥਾਣਾ ਸਿਟੀ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ, ਅਜੇ ਇੱਕ ਨਸ਼ਾ ਤਸਕਰ ਹੈ ਅਤੇ ਉਸ ਖਿਲਾਫ਼ ਪਹਿਲਾਂ ਹੀ 6 ਮਾਮਲੇ ਦਰਜ ਹਨ। ਪੁਲਿਸ ਇਸ ਕਾਰਵਾਈ ਨੂੰ ਨਸ਼ਾ ਤਸਕਰੀ ਨਾਲ ਜੋੜ ਰਹੀ ਹੈ।ਪਰਿਵਾਰ ਦਾ ਪੱਖ: ਜਾਇਦਾਦ ਜੱਦੀ, ਮਾਮਲਾ ਅਦਾਲਤ 'ਚਦੂਜੇ ਪਾਸੇ, ਅਜੇ ਦੀ ਪਤਨੀ ਅਤੇ ਭੈਣ ਨੇ ਰੋਂਦਿਆਂ ਕਿਹਾ ਕਿ ਇਹ ਮਕਾਨ ਨਸ਼ੇ ਦੀ ਕਮਾਈ ਦਾ ਨਹੀਂ, ਸਗੋਂ ਉਨ੍ਹਾਂ ਦੀ ਮਾਤਾ ਦੇ ਨਾਂ 'ਤੇ ਜੱਦੀ-ਪੁਸ਼ਤੀ ਜਾਇਦਾਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਜੇ 'ਤੇ ਦਰਜ ਕੇਸ ਉਸਦੇ ਵਿਆਹ ਤੋਂ ਬਾਅਦ "ਝੂਠੇ" ਪਾਏ ਗਏ ਹਨ। ਪਰਿਵਾਰ ਨੇ ਸਵਾਲ ਕੀਤਾ ਕਿ ਜੇਕਰ ਕਾਰਵਾਈ ਕਰਨੀ ਸੀ ਤਾਂ ਉਨ੍ਹਾਂ ਦੇ ਪਿਤਾ ਕਾਕਾ ਸਿੰਘ 'ਤੇ ਕਿਉਂ ਨਹੀਂ ਕੀਤੀ ਗਈ, ਜਿਨ੍ਹਾਂ 'ਤੇ ਕੋਈ ਕੇਸ ਨਹੀਂ ਹੈ।