ਚੰਨੀ ਨੂੰ BJP ਦਾ ਆਫ਼ਰ!
ਚੰਡੀਗੜ੍ਹ, 20 ਜਨਵਰੀ 2026- ਐਮ.ਪੀ ਚਰਨਜੀਤ ਚੰਨੀ ਅਤੇ ਮੌਜੂਦਾ ਲੀਡਰਸ਼ਿਪ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਫ਼ਾਇਦਾ ਹੁਣ ਵਿਰੋਧੀ ਧਿਰਾਂ ਨੇ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਚੰਨੀ ਨੂੰ ਖੁੱਲ੍ਹੇਆਮ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
"ਚੰਨੀ ਮਨ ਬਣਾਉਣ, ਹਾਈਕਮਾਂਡ ਨਾਲ ਮੈਂ ਕਰਾਂਗਾ ਗੱਲ": ਕੇਵਲ ਢਿੱਲੋਂ
ਕੇਵਲ ਢਿੱਲੋਂ ਨੇ ਚੰਨੀ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਮੰਦਭਾਗਾ ਹੈ। ਢਿੱਲੋਂ ਨੇ ਕਿਹਾ ਕਿ "ਚੰਨੀ ਸਾਹਿਬ ਇੱਕ ਵੱਡੇ ਲੀਡਰ ਹਨ। ਜੇਕਰ ਉਹ ਕਾਂਗਰਸ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ, ਤਾਂ ਉਹ ਭਾਜਪਾ ਵਿੱਚ ਆਉਣ ਦਾ ਮਨ ਬਣਾ ਲੈਣ। ਪਾਰਟੀ ਹਾਈਕਮਾਂਡ ਨਾਲ ਗੱਲਬਾਤ ਮੈਂ ਖ਼ੁਦ ਕਰਵਾਵਾਂਗਾ।"
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਰੇ ਸੁਹਿਰਦ ਆਗੂਆਂ ਨੂੰ ਰਲ-ਮਿਲ ਕੇ ਚੱਲਣਾ ਪਵੇਗਾ ਅਤੇ ਭਾਜਪਾ ਹੀ ਉਹ ਮੰਚ ਹੈ ਜਿੱਥੇ ਹਰ ਵਰਗ ਨੂੰ ਬਣਦਾ ਸਤਿਕਾਰ ਮਿਲਦਾ ਹੈ। ਢਿੱਲੋਂ ਨੇ ਚੰਨੀ ਦੇ ਦਲਿਤ ਨੁਮਾਇੰਦਗੀ ਵਾਲੇ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਆਪਣੀ ਕੌਮ ਅਤੇ ਪੰਜਾਬ ਦੀ ਸੇਵਾ ਕਰਨ ਦਾ ਅਸਲੀ ਮੌਕਾ ਮਿਲੇਗਾ।